ਸਿੱਖਾਂ ਨੇ ਭਾਰਤੀ ਕੌਂਸਲੇਟ ਫਰੈਂਕਫਰਟ ਸਾਹਮਣੇ ਰੋਹ ਮੁਜ਼ਾਹਰਾ ਕਰਕੇ ਮਨਾਇਆ ਕਾਲਾ ਦਿਨ

ਭਾਰਤ ਦੀ ਆਜ਼ਾਦੀ ਦੀ 76ਵੀਂ ਵਰ੍ਹੇਗੰਢ ‘ਤੇ ਘੱਟਗਿਣਤੀ ਕੌਮਾਂ ਸਿੱਖ, ਮੁਸਲਮਾਨਾਂ, ਦਲਿਤ, ਈਸਾਈ ‘ਤੇ ਹੋ ਰਹੇ ਜ਼ੁਲਮਾਂ, ਮਨੀਪੁਰ ਵਿੱਚ ਔਰਤਾਂ ਨਾਲ ਸਮੂਹਿਕ ਬਲਾਤਕਾਰਾਂ ਖ਼ਿਲਾਫ਼ ਭਾਰਤੀ ਕੌਂਸਲੇਟ ਫਰੈਂਕਫਰਟ ਸਾਹਮਣੇ ਪੰਥਕ ਜਥੇਬੰਦੀਆਂ ਨੇ ਰੋਹ ਮੁਜ਼ਾਹਰਾ ਕਰਕੇ ਕਾਲੇ ਦਿਵਸ ਦੇ ਤੌਰ ‘ਤੇ ਮਨਾਇਆ। ਇਸ ਦੇ ਨਾਲ ਹੀ ਜੰਗੇ ਅਜ਼ਾਦੀ ਦੇ ਸਮੂਹ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਹੋਇਆਂ ਉਹਨਾਂ ਦੇ ਪਵਿੱਤਰ ਸੁਪਨੇ ਨੂੰ ਸਕਾਰ ਤੇ ਉਸ ‘ਤੇ ਪਹਿਰਾ ਦੇਣ ਦਾ ਪ੍ਰਣ ਦੁਹਰਾਇਆ ਗਿਆ। 

ਪੰਥਕ ਆਗੂਆਂ ਨੇ ਕਿਹਾ ਕਿ ਭਾਰਤ ਆਪਣੀ ਚਾਣਕਿਆ ਨੀਤੀ ਰਾਹੀਂ ਲਾਲਚ ਵੱਸ ਕੁਝ ਖਾਲਿਸਤਾਨੀਆਂ ਨੂੰ ਆਪਣੀ ਬੋਲੀ ਬਲਾਉਣ ਦਾ ਭਰਮ ਪਾਲ ਕੇ ਜਾਂ ਆਜਾਦੀ ਦੀ ਲਹਿਰ ਦੇ ਆਗੂਆਂ ਨੂੰ ਮਾਰ ਕੇ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਰਿਹਾ ਪਰ ਵਿਦੇਸ਼ਾਂ ਵਿੱਚ ਆਜ਼ਾਦੀ ਦੀ ਅਵਾਜ ਦਿਨੋ ਦਿਨ ਹੋਰ ਪ੍ਰਬਲ ਹੋ ਰਹੀ ਹੈ। ਭਾਰਤ ਵਿੱਚ ਸਿੱਖ ਕੌਮ ਨਾਲ ਵਿਸ਼ਵਾਸ਼ਘਾਤ ਕਰਕੇ ਘੱਟ ਗਿਣਤੀਆਂ ਨਾਲ ਵਿਤਕਰੇ ਤੇ ਦੂਸਰੇ ਸ਼ਹਿਰੀਆਂ ਵਾਲ਼ਾ ਸਲੂਕ ਕਰਕੇ ਆਏ ਦਿਨ ਕੌਮ ਨਾਲ ਕੀਤੇ ਵਾਇਦੇ ਭੁਲਾ ਕੇ ਅਕ੍ਰਿਤਘਣਤਾ ਦਾ ਸਬੂਤ ਦਿੱਤਾ ਹੈ। ਇਸੇ ਕਰਕੇ ਸਿੱਖ ਕੌਮ ਭਾਰਤ ਦੀ ਆਜ਼ਾਦੀ ਦੇ ਦਿਹਾੜੇ ਨੂੰ ਕਾਲੇ ਦਿਵਸ ਦੇ ਤੌਰ ‘ਤੇ ਮਨਾ ਰਹੇ ਹਨ। 

ਰੋਹ ਮੁਜ਼ਾਹਰੇ ਵਿੱਚ ਗੁਰਚਰਨ ਸਿੰਘ ਗੁਰਾਇਆ ਕੋ-ਕੋਅਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ, ਗੁਰਪਾਲ ਸਿੰਘ ਪਾਲਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਕਲੋਨ, ਭਾਈ ਅਵਤਾਰ ਸਿੰਘ ਬੱਬਰ ਖ਼ਾਲਸਾ ਜਰਮਨੀ, ਭਾਈ ਜਗਤਾਰ ਸਿੰਘ ਮਾਹਲ, ਭਾਈ ਇੰਦਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਿਹ) ਭਾਈ ਹੀਰਾ ਸਿੰਘ ਮੱਤੇਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਭਾਈ ਹਰਮੀਤ ਸਿੰਘ, ਭਾਈ ਜਤਿੰਦਰ ਸਿੰਘ, ਰਾਮਪਾਲ ਸਿੰਘ, ਯੂਸਫ ਅਲੀ ਅਕਰਮ ਸਦਰ ਕਸ਼ਮੀਰ ਕੌਸਲ ਜਰਮਨੀ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਭਾਰਤ ਵਿੱਚ ਸਿੱਖਾਂ, ਘੱਟ ਗਿਣਤੀ ਕੌਮਾਂ ਤੇ ਔਰਤਾਂ ‘ਤੇ ਹਕੂਮਤ ਦੀ ਸ਼ਹਿ ‘ਤੇ ਕੀਤੇ ਜਾ ਰਹੇ ਜ਼ੁਲਮਾਂ ਦੀਆਂ ਤਸਵੀਰਾਂ ਵਾਲੇ ਬੈਨਰ ਚੁੱਕੇ ਹੋਏ ਸਨ।

Add a Comment

Your email address will not be published. Required fields are marked *