ਕਾਂਗਰਸ ਵੱਲੋਂ ਦਿੱਲੀ ’ਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਚਰਚਾ

ਦਿੱਲੀ ਕਾਂਗਰਸ ਦੇ ਨੇਤਾਵਾਂ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਅੱਜ ਪਾਰਟੀ ਦੀ ਉੱਚ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਅਤੇ ਲੋਕ ਸਭਾ ਹਲਕਿਆਂ ’ਚ ਪਾਰਟੀ ਨੂੰ ਮਜ਼ਬੂਤ ਬਣਾਉਣ ਦੇ ਤਰੀਕਿਆਂ ਤੇ ਸਾਧਨਾਂ ’ਤੇ ਚਰਚਾ ਕੀਤੀ।

ਸੂਤਰਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਨੇਤਾਵਾਂ ਨੂੰ ਇਕਜੁੱਟ ਅਤੇ ਲੋਕਾਂ ਦੇ ਸੰਪਰਕ ’ਚ ਰਹਿਣ ਲਈ ਆਖਿਆ। ਸੂਤਰਾਂ ਮੁਤਾਬਕ ਮੀਟਿੰਗ ਵਿੱਚ ਦਿੱਲੀ ਕਾਂਗਰਸ ਪ੍ਰਧਾਨ ਅਨਿਲ ਚੌਧਰੀ ਅਤੇ ਸਾਬਕਾ ਮੰਤਰੀ ਅਜੈ ਮਾਕਨ ਨੇ ਆਮ ਆਦਮੀ ਪਾਰਟੀ ਨਾਲ ਸੰਭਾਵਿਤ ਗੱਠਜੋੜ ਸਬੰਧੀ ਮੁੱਦੇ ਉਠਾਏ।

ਮੀਟਿੰਗ ਤੋਂ ਬਾਅਦ ਸ੍ਰੀ ਖੜਗੇ ਨੇ ਆਖਿਆ, ‘‘ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਦਿੱਲੀ ਕਾਂਗਰਸ ਦੇ ਨੇਤਾਵਾਂ ਨਾਲ ਸਲਾਹ ਮਸ਼ਵਰਾ ਕੀਤਾ ਗਿਆ। ਦਿੱਲੀ ਕਾਂਗਰਸ ਨੂੰ ਮੁੜ ਸੁਰਜੀਤ ਕਰਨਾ ਸਾਡੀ ਤਰਜੀਹ ਹੈ, ਜਿਸ ਲਈ ਸਾਰੇ ਨੇਤਾਵਾਂ ਅਤੇ ਵਰਕਰਾਂ ਦੀ ਸ਼ਮੂਲੀਅਤ ਜ਼ਰੂਰੀ ਹੈ। ਅਸੀਂ ਦਿੱਲੀ ਨੂੰ ਖੁਸ਼ਹਾਲ ਬਣਾਇਆ ਸੀ, ਦਿੱਲੀ ਵਾਸੀਆਂ ਲਈ ਸਾਡਾ ਸੰਘਰਸ਼ ਅੱਗੇ ਵੀ ਜਾਰੀ ਹੈ।’’ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਫੇਸਬੁਕ ਪੋਸਟ ’ਚ ਕਿਹਾ, ‘‘ਕਾਂਗਰਸ ਦਿੱਲੀ ਦੇ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤ ਬਣਾਉਣ ਅਤੇ ਦਿੱਲੀ ਦਾ ਵਿਕਾਸ ਯਕੀਨੀ ਬਣਾਉਣ ਨੂੰ ਸਮਰਪਿਤ ਹੈ।’’ ਮੀਟਿੰਗ ਮਗਰੋਂ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ‘ਐਕਸ’ ਖਾਤੇ ਉੱਤੇ ਕਿਹਾ, ‘‘ਮੋਦੀ ਦੀ ਅਗਵਾਈ ਵਾਲੀ ਭਾਜਪਾ ਦਿੱਲੀ ਲਈ ਤਬਾਹਕੁਨ ਸਾਬਤ ਹੋਈ ਹੈ। ਲੋਕ ਦਿੱਲੀ ਵਿੱਚ ਕਾਂਗਰਸ ਤੇ ਸ਼ਾਨਦਾਰ 15 ਸਾਲਾਂ ਦੇ ਕਾਰਜਕਾਲ ਨੂੰ ਵੀ ਯਾਦ ਕਰਦੇ ਹਨ ਜਿਸ ਦੌਰਾਨ ਸ਼ਹਿਰ ੲਿੱਕ ਆਧੁਨਿਕ ਮਹਾਨਗਰ ’ਚ ਬਦਲ ਗਿਆ। ਸਾਨੂੰ ਯਕੀਨ ਹੈ ਕਿ ਲੋਕ 2024 ਵਿੱਚ ਸਾਨੂੰ ਆਪਣਾ ਪੂਰਾ ਸਮਰਥਨ ਦੇਣਗੇ।’’ ਦਿੱਲੀ ਕਾਂਗਰਸ ਦੇ ਪ੍ਰਧਾਨ ਅਨਿਲ ਚੌਧਰੀ ਨੇ ਕਿਹਾ, ‘‘ਅੱਜ ਦੀ ਮੀਟਿੰਗ ਦਿੱਲੀ ਵਿੱਚ ਗੱਠਜੋੜ ਬਾਰੇ ਨਹੀਂ ਸੀ ਅਤੇ ਨਾ ਹੀ ੲਿਸ ਬਾਰੇ ਚਰਚਾ ਹੋਈ। ‘ਆਪ’ ਕੋਈ ਵੀ ਧਾਰਨਾ ਬਣਾ ਸਕਦੀ ਹੈ ਪਰ ਗੱਠਜੋੜ ਬਾਰੇ ਆਖਰੀ ਫ਼ੈਸਲਾ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਲਵੇਗੀ। ਅਸੀਂ ੲਿੱਥੇ ਵਿਰੋਧੀ ਪਾਰਟੀ ਵਜੋਂ ਭ੍ਰਿਸ਼ਟਾਚਾਰ ਬਾਰੇ ਸਵਾਲ ਉਠਾਵਾਂਗੇ।’’ 

Add a Comment

Your email address will not be published. Required fields are marked *