ਪਾਕਿਸਤਾਨ ਦੇ ਗਵਾਦਰ ’ਚ BLA ਦਾ ਹਮਲਾ

ਪਾਕਿਸਤਾਨ ਦੇ ਅਸ਼ਾਂਤ ਬਲੂਚਿਸਤਾਨ ਸੂਬੇ ਦੇ ਬੰਦਰਗਾਹ ਸ਼ਹਿਰ ਗਵਾਦਰ ’ਚ ਐਤਵਾਰ ਨੂੰ ਕੱਟੜਪੰਥੀਆਂ ਨੇ ਚੀਨ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੇ ਕਾਫਿਲੇ ’ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਹੋਏ ਮੁਕਾਬਲੇ ’ਚ ਦੋ ਕੱਟੜਪੰਥੀ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਪ੍ਰਮੁੱਖ ਬੰਦਰਗਾਹ ਅਰਬਾਂ ਡਾਲਰ ਦੀ ਲਾਗਤ ਵਾਲੇ ‘ਚੀਨ-ਪਾਕਿਸਤਾਨ ਆਰਥਿਕ ਗਲਿਆਰੇ’ (ਸੀ.ਪੀ.ਈ.ਸੀ.) ਦਾ ਇਕ ਮੁੱਖ ਕੇਂਦਰ ਹੈ ਅਤੇ ਵੱਡੀ ਗਿਣਤੀ ਵਿਚ ਚੀਨੀ ਕਾਮੇ ਇਥੇ ਕੰਮ ਕਰਦੇ ਹਨ। ਚੀਨ CPEC ਪ੍ਰੋਜੈਕਟ ਦੇ ਤਹਿਤ ਬਲੂਚਿਸਤਾਨ ਵਿਚ ਭਾਰੀ ਨਿਵੇਸ਼ ਕਰ ਰਿਹਾ ਹੈ।

ਜਾਣਕਾਰੀ ਮੁਤਾਬਕ ਇਸ ਹਮਲੇ ‘ਚ 4 ਚੀਨੀ ਨਾਗਰਿਕਾਂ ਦੀ ਵੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ 13 ਜਵਾਨਾਂ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ।ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਦੇ ਮੁਤਾਬਕ 10 ਵਜੇ ਕੱਟੜਪੰਥੀਆਂ ਨੇ ਛੋਟੇ ਹਥਿਆਰਾਂ ਤੇ ਹੱਥਗੋਲੇ ਨਾਲ ਹਮਲਾ ਕੀਤਾ। ਆਈ.ਐੱਸ.ਪੀ.ਆਰ. ਨੇ ਦਾਅਵਾ ਕੀਤਾ, ‘ਪਰ ਪ੍ਰਭਾਵੀ ਤੇ ਤੁਰੰਤ ਜਵਾਬੀ ਕਾਰਵਾਈ ’ਚ ਦੋ ਕੱਟੜਪੰਥੀਆਂ ਨੂੰ ਮਾਰ ਦਿੱਤਾ।’ ਫ਼ੌਜ ਨੇ ਦੇਸ਼ ਦੀ ਸ਼ਾਂਤੀ ਤੇ ਖ਼ੁਸ਼ਹਾਲੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਦੁਸ਼ਮਣਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਦਾ ਸੰਕਲਪ ਲਿਆ।  ਹਾਲਾਂਕਿ ਉਸ ਨੇ ਆਪਣੇ ਬਿਆਨ ’ਚ ਚੀਨ ਨੇ ਇੰਜੀਨੀਅਰਾਂ ’ਤੇ ਕਿਸੇ ਹਮਲੇ ਦਾ ਜ਼ਿਕਰ ਨਹੀਂ ਕੀਤਾ ਹੈ। ਬਲੂਚਿਸਤਾਨ ’ਚ ਸਰਗਰਮ ਕੱਟੜਪੰਥੀ ਸੰਗਠਨ ਬਲੂਚ ਲਿਬਰੇਸ਼ਨ ਆਰਮੀ- ਮਜੀਦ ਬ੍ਰਿਗੇਡ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਪਾਕਿਸਤਾਨੀ ਅਧਿਕਾਰੀਆਂ ਨੇ ਗਵਾਦਰ ਹਮਲੇ ਨੂੰ ਤੂਲ ਨਾ ਦਿੰਦਿਆਂ ਇਸ ਨੂੰ ਮਹਿਜ਼ ਅੱਤਵਾਦੀ ਸਰਗਰਮੀ ਕਰਾਰ ਦਿੱਤਾ। ਇਸ ਦੇ ਨਾਲ ਹੀ ਇਸਲਾਮਾਬਾਦ ਸਥਿਤ ਚੀਨੀ ਦੂਤਘਰ ਨੇ ਗਵਾਦਰ ‘ਚ ਚੀਨੀ ਨਾਗਰਿਕਾਂ ਨੂੰ ਲੈ ਕੇ ਜਾ ਰਹੇ ਕਾਫਿਲੇ ‘ਤੇ ਹੋਏ ਹਮਲੇ ਦੀ ‘ਪੂਰੀ ਜਾਂਚ’ ਦੀ ਮੰਗ ਕੀਤੀ ਹੈ। ਪਾਕਿਸਤਾਨ ਵਿਚ ਚੀਨੀ ਦੂਤਘਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਗਵਾਦਰ ਬੰਦਰਗਾਹ ਨੇੜੇ ਉਸ ਦੇ ਨਾਗਰਿਕਾਂ ਨੂੰ ਲੈ ਕੇ ਜਾ ਰਹੇ ਕਾਫਿਲੇ ‘ਤੇ ਹਮਲਾ ਕੀਤਾ ਗਿਆ ਸੀ, ਪਰ “ਉਕਤ ਘਟਨਾ ਵਿਚ ਉਸ ਦੇ ਪਾਸੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ” ਅਤੇ ਸੁਰੱਖਿਆ ਲਈ ਜ਼ਰੂਰ ਜਵਾਨ ਤਾਇਨਾਤ ਸਨ। ਪਾਕਿਸਤਾਨ ਸਥਿਤ ਚੀਨ ਦੇ ਦੂਤਘਰ ਨੇ ਇਸ ‘ਅੱਤਵਾਦੀ ਸਰਗਰਮੀ’ ਦੀ ਸਖ਼ਤ ਨਿੰਦਾ ਕੀਤੀ ਹੈ।

Add a Comment

Your email address will not be published. Required fields are marked *