PCB ਨੇ ਵਿਸ਼ਵ ਕੱਪ ਲਈ ਹੇਡਨ ਨੂੰ ਮੈਂਟੋਰ ਕੀਤਾ ਨਿਯੁਕਤ
![](http://mehakewattan.com/wp-content/uploads/2022/09/2022_9image_16_07_577791842sfagss-ll.jpg)
ਕਰਾਚੀ : ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਆਸਟ੍ਰੇਲੀਆ ’ਚ ਹੋਣ ਵਾਲੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਲਈ ਆਪਣੇ ਜ਼ਮਾਨੇ ਦੇ ਧਾਕੜ ਆਸਟ੍ਰੇਲੀਆਈ ਬੱਲੇਬਾਜ਼ ਮੈਥਿਊ ਹੇਡਨ ਨੂੰ ਟੀਮ ਦਾ ਮੈਂਟੋਰ ਨਿਯੁਕਤ ਕੀਤਾ ਹੈ। ਹੇਡਨ ਨੇ ਕਿਹਾ ਕਿ ਪਾਕਿਸਤਾਨੀ ਟੀਮ ’ਚ ਕਈ ਚੰਗੇ ਖਿਡਾਰੀ ਹਨ ਅਤੇ ਉਹ ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਕੱਪ ’ਚ ਚੰਗਾ ਪ੍ਰਦਰਸ਼ਨ ਕਰੇਗੀ।
ਹੇਡਨ ਪਿਛਲੇ ਸਾਲ ਸੰਯੁਕਤ ਅਰਬ ਅਮੀਰਾਤ ’ਚ ਖੇਡੇ ਗਏ ਟੀ-20 ਵਿਸ਼ਵ ਕੱਪ ’ਚ ਵੀ ਪਾਕਿਸਤਾਨੀ ਟੀਮ ਦੇ ਮੈਂਟਰ ਸਨ। ਉਦੋਂ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਸੈਮੀਫਾਈਨਲ ’ਚ ਹਰਾ ਦਿੱਤਾ ਸੀ। ਪੀ.ਸੀ.ਬੀ. ਨੇ ਕਿਹਾ ਕਿ ਹੇਡਨ 15 ਅਕਤੂਬਰ ਨੂੰ ਬ੍ਰਿਸਬੇਨ ’ਚ ਟੀਮ ਨਾਲ ਜੁੜ ਜਾਣਗੇ। ਇਸੇ ਦਿਨ ਪਾਕਿਸਤਾਨ ਦੀ ਟੀਮ ਕ੍ਰਾਈਸਟਚਰਚ ਤੋਂ ਬ੍ਰਿਸਬੇਨ ਪਹੁੰਚੇਗੀ।
ਵਿਸ਼ਵ ਕੱਪ ਤੋਂ ਪਹਿਲਾਂ ਪਾਕਿਸਤਾਨ ਇਕ ਟੀ-20 ਸੀਰੀਜ਼ ’ਚ ਹਿੱਸਾ ਲਵੇਗਾ, ਜਿਸ ’ਚ ਬੰਗਲਾਦੇਸ਼ ਅਤੇ ਮੇਜ਼ਬਾਨ ਨਿਊਜ਼ੀਲੈਂਡ ਦੀ ਟੀਮ ਵੀ ਖੇਡੇਗੀ। ਪੀ.ਸੀ.ਬੀ. ਨੇ ਪਿਛਲੇ ਵਿਸ਼ਵ ਕੱਪ ’ਚ ਦੱਖਣੀ ਅਫ਼ਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਵਰਨੋਨ ਫਿਲੇਂਡਰ ਨੂੰ ਵੀ ਗੇਂਦਬਾਜ਼ੀ ਸਲਾਹਕਾਰ ਨਿਯੁਕਤ ਕੀਤਾ ਸੀ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)