ਐੱਨ ਜੈੱਡ ਨਿਊਜ਼ ਤੇ ਸਾਡੇ ਆਲਾ ਰੇਡਿਓ ਵੱਲੋਂ ਛੇਵਾਂ ਹਿੰਦ ਪਾਕਿ ਦੋਸਤੀ ਮੁਸ਼ਾਇਰਾ

ਦੋਵਾਂ ਦੇਸ਼ਾਂ ਦੇ ਸਾਹਿਤਕ ਸੱਭਿਆਚਾਰਕ ਕਲਾਮਾਂ ਦਾ ਹੋਇਆ ਆਦਾਨ- ਪ੍ਰਦਾਨ
ਆਕਲੈਂਡ – ਆਕਲੈਂਡ ਦੇ 404 ਗਰੇਟ ਸਾਊਥ ਰੋਡ ਪਾਪਾਟੋਏਟੋਏ ਵਾਲੇ ਖਚਾਖਚ ਭਰੇ ਹਾਲ ਵਿਚ ਐੱਨ ਜੈੱਡ ਨਿਊਜ਼ ਅਤੇ ਸਾਡੇ ਆਲਾ ਰੇਡਿਓ ਵਲੋਂ ਸਾਂਝੇ ਤੌਰ ਤੇ ਛੇਵਾਂ ਹਿੰਦ ਪਾਕਿ ਦੋਸਤੀ ਮੁਸ਼ਾਇਰਾ ਕਰਵਾਇਆ ਗਿਆ ਜਿਸ ਦੌਰਾਨ ਪੰਜਾਬੀ, ਹਿੰਦੀ ਤੇ ਉਰਦੂ ਜ਼ੁਬਾਨਾਂ ਰਾਹੀਂ ਦੋਵਾਂ ਦੇਸ਼ਾਂ ਦੇ ਸਾਹਿਤਕ ਤੇ ਸਭਿਆਚਾਰਕ ਕਲਾਮਾਂ ਦਾ ਆਦਾਨ ਪ੍ਰਦਾਨ ਕਰਦਿਆਂ ਕਵੀਆਂ, ਸ਼ਾਇਰਾਂ ਅਤੇ ਗਾਇਕਾਂ ਨੇ ਵੱਖ ਵੱਖ ਰੰਗਾਂ ਨੂੰ ਬਿਖੇਰਿਆ ਜਿਸ ਨਾਲ ਖੁਸ਼ੀਆਂ, ਗ਼ਮੀਆਂ, ਸੰਵੇਦਨਾ ਤੇ ਭਾਵੁਕਤਾ ਦੇ ਦੌਰ ਵਿੱਚ ਵਾਰ-ਵਾਰ ਹਾਲ ਤਾੜੀਆਂ ਨਾਲ ਗੂੰਜਦਾ ਰਿਹਾ।

ਐੱਨ ਜੈੱਡ ਨਿਊਜ਼ ਦੇ ਤਰਨਦੀਪ ਸਿੰਘ ਦਿਓਲ ਬਿਲਾਸਪੁਰ ਅਤੇ ਸਾਡੇ ਆਲਾ ਰੇਡਿਓ ਤੋਂ ਜਨਾਬ ਨਾਸਿਰ ਮੁਹੰਮਦ ਖਾਨ ਨੇ ਸਾਂਝੇ ਤੌਰ ਤੇ ਸਟੇਜ ਸੰਚਾਲਿਤ ਇਸ ਸਮਾਗਮ ਦੀ ਸ਼ੁਰੂਆਤ ਰੇਡੀਓ ਤੇ ਲਗਾਤਾਰ ਕੰਮ ਕਰਦੇ ਰਹੇ ਤੌਖੀਰ ਖਾਨ ਪਿਆਮੀ ਅਤੇ ਡਾ ਹਰਗੋਬਿੰਦ ਸਿੰਘ ਸ਼ੇਖਪੁਰੀਆ ਸੰਸਥਾਪਕ ਪ੍ਰਧਾਨ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ ਵਲੋਂ ਜੋਤੀ ਜਗਾ ਕੇ ਸ਼ਮਾਂ ਰੌਸ਼ਨ ਕਰਵਾਉਂਦਿਆਂ ਕੀਤੀ ।
ਇਸ ਮੁਸ਼ਾਇਰੇ ਵਿੱਚ ਅਮਰਜੀਤ ਸਿੰਘ ਲੱਖਾ ਨੇ ਦੇਸ਼ ਵੰਡ ਬਾਰੇ ਦਾਦੇ-ਪੋਤੇ ਦੀਆਂ ਗੱਲਾਂ ਕਵਿਤਾ ਤੇ ਗੀਤ, ਮੁਸ਼ੱਰਫ ਅਲੀ ਜਾਨ ਨੇ ਸ਼ੇਅਰ, ਪਰਮਜੀਤ ਕੌਰ ਸੈਣੀ ਨੇ ਕਵਿਤਾ, ਫਰੂਖ ਸਾਹਿਬ ਨੇ ਗਜ਼ਲ, ਇੰਦੂ ਬਾਜਵਾ ਨੇ ਨਜ਼ਮ, ਬਿੱਲਾ ਜੀ ਨੇ ਅੰਕੁਸ਼ ( ਅਸੀਂ ਪੁੱਤਰ ਹਾਂ ਪੰਜਾਬ ਦੇ, ਸਾਡੀ ਗਵਾਚ ਗਈ ਹੈ ਮੌਤ ), ਹਰਗੋਬਿੰਦ ਸ਼ੇਖਪੁਰੀਆ ਨੇ “ਰੱਬਾ ਕਿਤੇ ਵਿਆਹ ਕਰਾ’ਦੇ, ਨਵੀਂ ਦਿੱਲੀ ਤੇ ਲਾਹੌਰ ਦਾ” ਤਰੰਨੁਮ ਵਿੱਚ ਕਲਾਮ, ਡਾ ਯੂਸਫ਼ ਅਲੀ ਖ਼ਾਨ ਨੇ ਗਜ਼ਲ, ਪ੍ਰੀਤਾ ਵਿਆਸ ਨੇ ਨਜ਼ਮ, ਕਾਰਤਿਕ ਸ਼ਾਇਰ ਨੇ ਆਧੁਨਿਕ ਸ਼ੇਅਰੋ ਸ਼ਾਇਰੀ, ਪ੍ਰੀਤ ਸੈਣੀ ਨੇ ਕਵਿਤਾ, ਫਰਾਹ ਕਵਿੱਤਰੀ ਨੇ ਸ਼ੇਯਰ, ਗੁਰਮੀਤ ਸਿੰਘ ਨੇ ਲੰਬੀ ਕਵਿਤਾ, ਰਣਜੀਤ ਸੰਧੂ ਨੇ ਪੰਜਾਬ ਅਤੇ ਮਾਂ ਕਵਿਤਾ, ਸੋਮਨਾਥ ਉਰਫ ਦੀਵਾਨਾ ਰਾਏਕੋਟੀ ਨੇ ਗ਼ਜ਼ਲ, ਸ਼ਾਇਰਾਨਾ ਅੰਦਾਜ਼ ਵਿੱਚ ਕਹਿੰਦਿਆਂ ਹਾਜ਼ਰੀਨ ਨੂੰ ਸਭ ਨੇ ਤਿੰਨ ਘੰਟਿਆਂ ਤੱਕ ਮੰਤਰ ਮੁਗਧ ਕਰੀ ਰੱਖਿਆ ।
ਇਸ ਤੋਂ ਇਲਾਵਾ ਗਾਇਕ ਸੱਤਾ ਵੈਰੋਵਾਲੀਆ, ਪਰਮਿੰਦਰ ਜਵੱਦੀ, ਗਾਇਕਾ ਜੋਤੀ ਅਤੇ ਅੰਤ ਵਿੱਚ ਗਾਇਕ ਨਾਸਿਰ ਮਿਰਜ਼ਾ ਨੇ ਆਪਣੀ ਆਪਣੀ ਬੁਲੰਦ ਆਵਾਜ਼ ਵਿੱਚ ਖਾਲਿਦ ਹੁਸੈਨ ਸਾਹਿਬ ਹਾਰਮੋਨੀਅਮ, ਬਿਮਲ ਕੁਮਾਰ ਤਬਲਾ ਵਾਦਕ ਤੇ ਪਰਮਵੀਰ ਸਿੰਘ ਸਿਤਾਰ ਵਾਦਕ ਦੇ ਸਾਜਾਂ ਤੇ ਆਪਣੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ ।
ਇਸ ਸਾਹਿਤਕ ਸੱਭਿਆਚਾਰਕ ਸਮਾਗਮ ਵਿੱਚ ਐੱਨ ਜੈੱਡ ਨਿਊਜ਼ ਤੋਂ ਜਸਪ੍ਰੀਤ ਸਿੰਘ, ਮਨਜਿੰਦਰ ਸਿੰਘ ਬਾਸੀ, ਕਮਲਪ੍ਰੀਤ ਕੌਰ ਪੰਨੂ, ਅਮਨਜੋਤ ਸਿੰਘ ਅਤੇ ਸਾਡੇ ਆਲਾ ਰੇਡਿਓ ਤੋਂ ਗੁਰਪ੍ਰੀਤ ਸਿੰਘ, ਹਰਕੀਰਤ ਸਿੰਘ ਹੈਰੀ, ਜੱਸੀ ਕੌਰ, ਲਾਡੀ ਚੱਡਾ ਤੇ ਪਰਮ ਸਮੇਤ ਟੀਮਾਂ, ਦਲਜੀਤ ਸਿੰਘ ਸੁਪਰੀਮ ਸਿੱਖ ਸੁਸਾਇਟੀ, ਮਹਿੰਦਰਾ ਐਨ ਜੈਡ ਦੇ ਪ੍ਰਬੰਧਕ, ਹਰਦੇਵ ਬਰਾੜ, ਦੇਵ ਢੀਂਗਰਾ, ਦੀਪਕ, ਨਵ ਵਿਵੇਕ, ਸਾਬਕਾ ਐਮ ਪੀ ਆਸ਼ਰਫ ਚੌਧਰੀ ਤੇ ਕੰਵਲਜੀਤ ਸਿੰਘ ਬਖਸ਼ੀ, ਐਮਪੀ ਉਮੀਦਵਾਰ ਨਵਤੇਜ ਰੰਧਾਵਾ ਤੇ ਸ਼ਿਵਾ ਕੀਲਾਰੀ, ਪਰਮਜੀਤ ਸਿੰਘ ਮਹਿਮੀ, ਤਸਵੀਰ ਅਖਬਾਰ ਦੇ ਮੁੱਖ ਸੰਪਾਦਕ ਤੇ ਏਟਕ ਦੇ ਉਮੀਦਵਾਰ ਨਰਿੰਦਰ ਸਿੰਗਲਾ, ਕੁਲਵੰਤ ਸਿੰਘ, ਅਮਰੀਕ ਸਿੰਘ, ਸਹਿਰਾਜ ਸਿੰਘ, ਮੋਹਣ ਸਿੰਘ ਰਾਜਪੁਰਾ, ਅਜਮੇਰ ਸਿੰਘ ਜੋੜਾ, ਭੁਪਿੰਦਰ, ਰਣਬੀਰ ਕੌਰ, ਹਰਜੀਤ ਕੌਰ ਸਮੇਤ ਪਤਵੰਤੇ ਤੇ ਸਰੋਤੇ ਹਾਜਰ ਸਨ ।
ਸਟੇਜ ਕਰਦਿਆਂ ਨਾਸਿਰ ਖਾਨ ਸਾਹਿਬ ਨੇ ਵੀ ਸਾਜਾਂ ਤੇ ਗ਼ਜ਼ਲਾਂ ਗਾ ਕੇ ਰੰਗ ਬੰਨ੍ਹਿਆ ਜਦੋਂ ਕਿ ਅੰਤ ਵਿੱਚ ਤਰਨਦੀਪ ਸਿੰਘ ਦਿਓਲ ਬਿਲਾਸਪੁਰ ਨੇ ਇਸ ਮੁਸ਼ਾਇਰੇ ਨੂੰ ਮੁਲਕਾਂ, ਸਮਾਜਾਂ, ਰਿਵਾਜਾਂ, ਸਿਆਸਤਾਂ, ਪਰਿਵਾਰਾਂ, ਰਿਸ਼ਤੇਦਾਰਾਂ ਦਾ ਸੁਮੇਲ ਦੱਸਦਿਆਂ ਸਭਨਾਂ ਦਾ ਸਨਮਾਨ ਕਰਵਾਇਆ ਅਤੇ ਡਾਕਟਰ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਵੱਲੋਂ ਅਜਿਹਾ ਹਿੰਦ ਪਾਕਿ ਦੋਸਤੀ ਮੁਸ਼ਾਇਰਾ ਕਰਵਾਉਣ ਲਈ ਧੰਨਵਾਦ ਕਰਦਿਆਂ ਆਪਣੀ ਅਠਾਰਵੀਂ ਪੁਸਤਕ “ਵਿਦਾਇਗੀ ਤੇ ਵਿਸ਼ੇਸ਼-ਮੈਂ ਕੀ ਹਾਂ ?” ਐੱਨ ਜੈੱਡ ਨਿਊਜ਼ ਟੀਮ ਲਈ ਅਤੇ ਸੋਲਵੀਂ ਪੁਸਤਕ “ਨਿਊਜ਼ੀਲੈਂਡ ਦੀਆਂ ਨਿਆਮਤਾਂ” ( ਮੇਰਾ ਸਫ਼ਰਨਾਮਾ-ਨਿਊਜ਼ੀਲੈਂਡ ) ਸਾਡੇ ਆਲਾ ਰੇਡਿਓ ਟੀਮ ਨੂੰ ਭੇਂਟ ਕੀਤੀਆਂ ! ਸਮੁੱਚੇ ਸਮਾਗਮ ਦੀ ਫੋਟੋ ਗ੍ਰਾਫੀ ਇੰਦਰ ਜੜੀਆ ਆਈ ਜੇ ਫ਼ਿਲਮਜ਼ ਨੇ ਬਾਖੂਬੀ ਕੀਤੀ ।

Add a Comment

Your email address will not be published. Required fields are marked *