ਪੰਜਾਬ ਦੇ ਇਸ AAP ਵਿਧਾਇਕ ਨੂੰ ਜਾਨੋਂ ਮਾਰਨ ਦੀ ਰਚੀ ਜਾ ਰਹੀ ਸਾਜ਼ਿਸ਼

ਮਾਛੀਵਾੜਾ ਸਾਹਿਬ : ਹਲਕਾ ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਪਾਈ, ਜਿਸ ਨੇ ਸਿਆਸਤ ‘ਚ ਹਲਚਲ ਮਚਾ ਦਿੱਤੀ। ਵਿਧਾਇਕ ਨੇ ਪੋਸਟ ਪਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਵਿਰੋਧੀ ਸਿਆਸੀ ਧਨਾਢ ਵੱਧਦੀ ਹਰਮਨ ਪਿਆਰਤਾ ਨੂੰ ਦੇਖਦਿਆਂ ਬੁਖਲਾਹਟ ‘ਚ ਆ ਕੇ ਜਾਨੋਂ ਮਾਰਨ ਦੀਆਂ ਸਾਜਿਸ਼ਾਂ ਰਚ ਰਹੇ ਹਨ। ਵਿਧਾਇਕ ਨੇ ਪੋਸਟ ’ਚ ਕਿਹਾ ਕਿ ‘ਮੈਂ ਆਮ ਲੋਕਾਂ ਦਾ ਵਿਧਾਇਕ ਹਾਂ ਅਤੇ ਆਮ ਕਿਸਾਨ ਪਰਿਵਾਰ ’ਚੋਂ ਹਾਂ। ਲੋਕਾਂ ਨੇ ਵੱਡੇ ਧਨਾਢਾਂ ਨੂੰ ਹਰਾ ਕੇ ਮੈਨੂੰ ਇੰਨਾ ਮਾਣ ਬਖ਼ਸ਼ਿਆ, ਮੇਰੀ ਹਰਮਨ ਪਿਆਰਤਾ ਨੇ ਇਨ੍ਹਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ।

ਵਿਧਾਇਕ ਨੇ ਲਿਖਿਆ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ, ਜਿਹੜੇ ਹਲਕੇ ਦੇ ਠੇਕੇਦਾਰ ਨੇ, ਮੈਂ ਇਨ੍ਹਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਨਾ ਮੈਂ ਡਰਦਾ ਹਾਂ ਤੇ ਨਾ ਦੱਬਦਾ ਹਾਂ। ਇਹ ਜਿਹੜੇ ਚੌਧਰੀ ਬਣੇ ਫਿਰਦੇ ਨੇ, ਇਹ ਕਹਿੰਦੇ ਨੇ ਕਿ ਤੇਰੇ ’ਤੇ ਕਰੋੜ ਰੁਪਏ ਲਗਾ ਕੇ ਤੈਨੂੰ ਖੂੰਝੇ ਲਗਾ ਦੇਵਾਂਗੇ ਜਾਂ ਕਿਸੇ ਯੂ. ਪੀ., ਬਿਹਾਰ ਦੇ ਗੁਰਗੇ ਤੋਂ ਟਰੱਕ ਚੜ੍ਹਵਾ ਦੇਵਾਂਗੇ। ਵਿਧਾਇਕ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਆਪਣੇ 25 ਸਾਲ ਦੇ ਕਾਰਜਕਾਲ ਦੌਰਾਨ ਹਲਕੇ ਦੀ ਸੇਵਾ ਕੀਤੀ ਹੁੰਦੀ ਤਾਂ ਤੁਹਾਨੂੰ ਇੰਨੀ ਘਟੀਆ ਸਿਆਸਤ ਨਾ ਕਰਨੀ ਪੈਂਦੀ। ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਆਮ ਕਿਸਾਨ ਦਾ ਮੁੱਲ ਕਰੋੜਾਂ ਪਾ ਦਿੱਤਾ, ਤੁਸੀਂ ਆਪਣਾ ਲੰਬਾ ਕਾਰਜਕਾਲ ਦੇਖ ਲਵੋ ਅਤੇ ਮੇਰਾ 17 ਮਹੀਨੇ ਦਾ।

ਮੈਂ ਜੋ ਵੀ ਹਾਂ ਆਪਣੇ ਲੋਕਾਂ ਲਈ ਹਾਂ ਅਤੇ ਹਰ ਵੇਲੇ ਹਾਜ਼ਰ ਹਾਂ’। ਹਾਲਾਂਕਿ ਵਿਧਾਇਕ ਵੱਲੋਂ ਬਾਅਦ ‘ਚ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ। ਜਦੋਂ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਸਬੰਧੀ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਰੋਧੀ ਸਿਆਸੀ ਧਨਾਢ ਉਨ੍ਹਾਂ ਹਲਕੇ ਪ੍ਰਤੀ ਕੀਤੇ ਕੰਮਾਂ ਨੂੰ ਦੇਖ ਕੇ ਬੁਖਲਾਹਟ ‘ਚ ਆਏ ਹੋਏ ਹਨ ਅਤੇ ਉਨ੍ਹਾਂ ਨੂੰ ਮਾਰਨ ਦੀਆਂ ਸਾਜਿਸ਼ਾਂ ਰਚ ਰਹੇ ਹਨ। ਵਿਧਾਇਕ ਨੇ ਸਪੱਸ਼ਟ ਤੌਰ ’ਤੇ ਤਾਂ ਕਿਸੇ ਸਿਆਸੀ ਪਾਰਟੀ ਦੇ ਆਗੂ ਦਾ ਨਾਮ ਨਹੀਂ ਲਿਆ ਪਰ ਉਨ੍ਹਾਂ ਨਾਲ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਕੌਣ ਸਾਜਿਸ਼ਾਂ ਰਚ ਰਿਹਾ ਹੈ।

Add a Comment

Your email address will not be published. Required fields are marked *