ਪੰਜਾਬ ਪੁਲਸ ਤੇ ਨਸ਼ਾ ਤਸਕਰਾਂ ਵਿਚਕਾਰ ਚੱਲੀਆਂ ਤਾਬੜਤੋੜ ਗੋਲ਼ੀਆਂ

ਤਰਨਤਾਰਨ : ਜ਼ਿਲ੍ਹਾ ਤਰਨਤਾਰਨ ’ਚ ਪੁਲਸ ਦੀ ਹੋਈ ਮੁਠਭੇੜ ਦੌਰਾਨ ਇੱਕ ਨਸ਼ਾ ਤਸਕਰ ਨੂੰ ਢੇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਦੂਸਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਿਲਹਾਲ ਪੁਲਸ ਅਧਿਕਾਰੀਆਂ ਵੱਲੋਂ ਇਸਦੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਇੱਕ ਕਾਰ ’ਚ ਸਵਾਰ ਹੋ ਦੋ ਕਥਿਤ ਨਸ਼ਾ ਤਸਕਰ ਜ਼ਿਲ੍ਹਾ ਮੋਗਾ ਤੋਂ ਅੰਮ੍ਰਿਤਸਰ ਜਾ ਰਹੇ ਸਨ। ਇਸ ਦੌਰਾਨ ਜਦੋਂ ਪੁਲਸ ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਸਵਾਰ ਤਸਕਰਾਂ ਵੱਲੋਂ ਨਾਕਾ ਤੋੜਦੇ ਹੋਏ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਥਾਣਾ ਚੋਹਲਾ ਸਾਹਿਬ, ਸਦਰ ਤਰਨਤਾਰਨ ਦੀ ਪੁਲਸ ਅਤੇ ਹੋਰ ਪੁਲਸ ਪਾਰਟੀਆਂ ਵੱਲੋਂ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਗਿਆ।

ਪੁਲਸ ਵੱਲੋਂ ਇਸ ਦੌਰਾਨ ਫਾਇਰਿੰਗ ਕਰਨ ’ਤੇ ਇੱਕ ਨਸ਼ਾ ਤਸਕਰ ਦੀ ਮੌਤ ਹੋ ਗਈ ਹੈ। ਜਦਕਿ ਦੂਸਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਜੋਰਾ ਸਿੰਘ ਪੁੱਤਰ ਅਮਰ ਸਿੰਘ ਨਿਵਾਸੀ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਇਸ ਸਬੰਧੀ ਪੁਲਸ ਅਧਿਕਾਰੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੇ ਹਨ। ਇਸ ਮੁੱਠਭੇੜ ਦੌਰਾਨ ਨਸ਼ਾ ਤਸਕਰਾਂ ਦੀ ਕਾਰ ’ਚੋਂ ਕਿਹੜਾ ਨਸ਼ੀਲਾ ਪਦਾਰਥ ਅਤੇ ਹਥਿਆਰ ਬਰਾਮਦ ਹੋਏ ਹਨ, ਇਸ ਦੀ ਪੁਲਸ ਵਜੋਂ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦੱਸ ਦਈਏ ਕਿ ਗ੍ਰਿਫ਼ਤਾਰ ਕੀਤੇ ਗਏ ਤਸਕਰ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕੋਟ ਈਸੇ ਖਾਂ ਮੋਗਾ ਵਜੋਂ ਹੋਈ ਹੈ।

Add a Comment

Your email address will not be published. Required fields are marked *