ਭਾਜਪਾ ‘ਚ ਵੱਡੀ ਬਗਾਵਤ: ਜਲੰਧਰ ਵੈਸਟ ਹਲਕੇ ਦੇ 4 ਮੌਜੂਦਾ ਕੌਂਸਲਰਾਂ ਸਣੇ 8 ਆਗੂਆਂ ਨੇ ਦਿੱਤਾ ਅਸਤੀਫ਼ਾ

ਜਲੰਧਰ –ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ (ਸ਼ਹਿਰੀ) ਇਕਾਈ ਵਿਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਭਾਜਪਾ ਦੇ ਪ੍ਰਮੁੱਖ ਅਹੁਦਿਆਂ ’ਤੇ ਹੋਣ ਦੇ ਬਾਵਜੂਦ ਪਾਰਟੀ ਵਿਚ ਕੋਈ ਅਹਿਮੀਅਤ ਨਾ ਮਿਲਣ ਕਾਰਨ ਕਈ ਆਗੂ ਭਾਜਪਾ ਦੇ ਜ਼ਿਲਾ ਪ੍ਰਧਾਨ ਸੁਸ਼ੀਲ ਸ਼ਰਮਾ ਤੋਂ ਨਾਰਾਜ਼ ਚੱਲ ਰਹੇ ਹਨ। ਪਿਛਲੇ ਕਾਫ਼ੀ ਦਿਨਾਂ ਤੋਂ ਕਿਆਫ਼ੇ ਲਾਏ ਜਾ ਰਹੇ ਸਨ ਕਿ ਵੈਸਟ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਕਈ ਸੀਨੀਅਰ ਆਗੂ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਸੰਪਰਕ ਵਿਚ ਹਨ, ਜਿਹੜੇ ਕਿਸੇ ਵੀ ਸਮੇਂ ਭਾਜਪਾ ਛੱਡ ਕੇ ‘ਆਪ’ ਵਿਚ ਸ਼ਾਮਲ ਹੋ ਸਕਦੇ ਹਨ।

ਬੀਤੇ ਦਿਨੀਂ ਵੈਸਟ ਹਲਕੇ ਦੇ ਭਾਜਪਾ ਆਗੂਆਂ ਵੱਲੋਂ ਜਿਸ ਤਰ੍ਹਾਂ ਸੈਂਟਰਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦਾ ਜਨਮ ਦਿਨ ਮਨਾਇਆ ਗਿਆ, ਉਸ ਨਾਲ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸਨ। ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਹੁਣ ਭਾਜਪਾ ਦੀਆਂ ਇਕ ਤੋਂ ਬਾਅਦ ਇਕ ਵਿਕਟਾਂ ਡਿੱਗਣੀਆਂ ਸ਼ੁਰੂ ਹੋਣਗੀਆਂ। ਆਖਿਰਕਾਰ ਹੋਇਆ ਵੀ ਉਹ ਹੀ, ਜਿਸ ਦਾ ਅੰਦਾਜ਼ਾ ਲਾਇਆ ਜਾ ਰਿਹਾ ਸੀ।  ਸ਼ੁੱਕਰਵਾਰ ਨੂੰ ਵਾਰਡ ਨੰਬਰ 77 ਦੀ ਭਾਜਪਾ ਕੌਂਸਲਰ ਸ਼ਵੇਤਾ ਧੀਰ, ਉਨ੍ਹਾਂ ਦੇ ਪਤੀ ਵਿਨੀਤ ਧੀਰ (ਪ੍ਰਧਾਨ ਮੰਡਲ ਨੰਬਰ 8), ਭਾਜਪਾ ਮੰਡਲ ਨੰਬਰ 9 ਦੇ ਪ੍ਰਧਾਨ ਸੌਰਭ ਸੇਠ, ਵਾਰਡ ਨੰ. 41 ਤੋਂ ਭਾਜਪਾ ਕੌਂਸਲਰ ਅਨੀਤਾ ਅਤੇ ਉਨ੍ਹਾਂ ਦੇ ਪਤੀ ਪ੍ਰਭ ਦਿਆਲ, ਭਾਜਪਾ ਦੇ ਜ਼ਿਲਾ ਮੀਤ ਪ੍ਰਧਾਨ ਅਮਿਤ ਸਿੰਘ ਸੰਧਾ ਅਤੇ ਉਨ੍ਹਾਂ ਦੀ ਪਤਨੀ ਕੌਂਸਲਰ ਚੰਦਰਜੀਤ ਕੌਰ ਸੰਧਾ, ਭਾਜਪਾ ਕੌਂਸਲਰ ਵਿਰੇਸ਼ ਮਿੰਟੂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ, ਹਾਲਾਂਕਿ ਉਨ੍ਹਾਂ ਨੇ ਅਜੇ ਕਿਸੇ ਦੂਜੀ ਪਾਰਟੀ ਵਿਚ ਸ਼ਾਮਲ ਹੋਣ ਦਾ ਜ਼ਿਕਰ ਨਹੀਂ ਕੀਤਾ ਪਰ ਆਪਣੇ ਅਸਤੀਫ਼ੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਭੇਜ ਦਿੱਤੇ ਹਨ।

ਮੌਜੂਦਾ ਲੀਡਰਸ਼ਿਪ ਦੇ ਹੁੰਦਿਆਂ ਪਾਰਟੀ ਵਿਚ ਕੰਮ ਕਰਨਾ ਮੁਸ਼ਕਿਲ : ਅਮਿਤ ਸਿੰਘ
ਜ਼ਿਲ੍ਹਾ ਮੀਤ ਪ੍ਰਧਾਨ ਅਮਿਤ ਸਿੰਘ ਸੰਧਾ ਨੇ ਆਪਣੇ ਅਸਤੀਫੇ ਵਿਚ ਲਿਖਿਆ ਕਿ ਮੇਰਾ ਪੂਰਾ ਪਰਿਵਾਰ ਪੂਰੇ ਜੋਸ਼ ਨਾਲ ਪਾਰਟੀ ਦੀ ਸੇਵਾ ਕਰ ਰਿਹਾ ਸੀ ਅਤੇ ਇਸ ਦੌਰਾਨ ਇਕ ਅਨੁਸ਼ਾਸਿਤ ਵਰਕਰ ਦੇ ਰੂਪ ਵਿਚ ਬਿਨਾਂ ਕਿਸੇ ਸ਼ਿਕਾਇਤ ਦੇ ਪਾਰਟੀ ਦੀ ਬਿਹਤਰੀ ਲਈ ਕੰਮ ਕਰਦਾ ਰਿਹਾ। ਮੌਜੂਦਾ ਹਾਲਾਤ ਵਿਚ ਮੇਰੇ ਵਰਗੇ ਵਰਕਰ ਲਈ ਜਲੰਧਰ ਦੀ ਮੌਜੂਦਾ ਲੀਡਰਸ਼ਿਪ ਦੇ ਹੁੰਦਿਆਂ ਪਾਰਟੀ ਵਿਚ ਕੰਮ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ। ਅਜਿਹੇ ਕਈ ਕਾਰਨ ਹਨ ਜਿਨ੍ਹਾਂ ਦਾ ਮੈਂ ਵਰਣਨ ਕਰ ਸਕਦਾ ਹਾਂ ਪਰ ਪਾਰਟੀ ਦੇ ਸਨਮਾਨ ਤੇ ਮਾਣ ਦੇ ਪ੍ਰਤੀਕ ਦੇ ਰੂਪ ਵਿਚ ਅਜੇ ਵੀ ਵਰਣਨ ਨਹੀਂ ਕਰ ਰਿਹਾ।

ਜ਼ਿਲ੍ਹਾ ਕਾਰਜਕਾਰਨੀ ਇਕ ਪੋਸਟਮੈਨ ਬਣ ਕੇ ਰਹਿ ਗਈ : ਵਿਨੀਤ ਧੀਰ, ਸ਼ਵੇਤਾ ਧੀਰ
ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਭੇਜੇ ਅਸਤੀਫੇ ਵਿਚ ਵਿਨੀਤ ਧੀਰ ਅਤੇ ਉਨ੍ਹਾਂ ਦੀ ਪਤਨੀ ਕੌਂਸਲਰ ਸ਼ਵੇਤਾ ਧੀਰ ਨੇ ਲਿਖਿਆ ਕਿ ਉਹ ਪਿਛਲੇ 12 ਸਾਲਾਂ ਤੋਂ ਭਾਜਪਾ ਦੇ ਵੱਖ-ਵੱਖ ਅਹੁਦਿਆਂ ’ਤੇ ਰਹਿੰਦੇ ਹੋਏ ਪਾਰਟੀ ਦੀ ਸੇਵਾ ਕਰ ਰਹੇ ਹਨ। ਬਤੌਰ ਕੌਂਸਲਰ (ਵਾਰਡ ਨੰਬਰ 77) ਸਮਰਪਣ ਭਾਵਨਾ ਨਾਲ ਜਨਤਾ ਦੀ ਸੇਵਾ ਕਰ ਕੇ ਪਾਰਟੀ ਦਾ ਸਨਮਾਨ ਵਧਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੇ ਮੌਜੂਦਾ ਜ਼ਿਲਾ ਪ੍ਰਧਾਨ ਸੁਸ਼ੀਲ ਸ਼ਰਮਾ ਪਿਛਲੇ 2 ਸਾਲਾਂ ਤੋਂ ਮੈਨੂੰ, ਮੇਰੀ ਪਤਨੀ ਅਤੇ ਸਮਰਪਿਤ ਪਾਰਟੀ ਵਰਕਰਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਾਰਟੀ ਦੇ ਕਈ ਅਹਿਮ ਪ੍ਰੋਗਰਾਮਾਂ ਦੀ ਉਨ੍ਹਾਂ ਨੂੰ ਸੂਚਨਾ ਨਹੀਂ ਦਿੱਤੀ ਜਾਂਦੀ। ਜ਼ਿਲਾ ਕਾਰਜਕਾਰਨੀ ਸਿਰਫ ਇਕ ਪੋਸਟਮੈਨ ਬਣ ਕੇ ਰਹਿ ਗਈ ਹੈ। ਜਿੱਤੇ ਹੋਏ ਕੌਂਸਲਰਾਂ ਨੂੰ ਨਜ਼ਰਅੰਦਾਜ਼ ਕਰ ਕੇ ਉਹ ਆਪਣੀ ਸਿਆਸਤ ਚਮਕਾਉਣ ਵਿਚ ਲੱਗੇ ਹੋਏ ਹਨ, ਜਿਸ ਤੋਂ ਦੁਖੀ ਹੋ ਕੇ ਮੈਂ ਅਤੇ ਮੇਰੀ ਪਤਨੀ ਆਪਣੇ ਸਾਰੇ ਅਹੁਦਿਆਂ ਅਤੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਾਂ।

ਪਾਰਟੀ ਨੇ ਦਿੱਤਾ ਪੂਰਾ ਮਾਣ-ਸਨਮਾਨ : ਸੁਸ਼ੀਲ ਸ਼ਰਮਾ
ਦੂਜੇ ਪਾਸੇ ਇਸ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਕੁਝ ਭਾਜਪਾ ਆਗੂਆਂ ਦੇ ਅਸਤੀਫ਼ਾ ਦੇਣ ਦੀ ਸੂਚਨਾ ਉਨ੍ਹਾਂ ਨੂੰ ਮਿਲੀ ਹੈ। ਇਸ ਦੇ ਪਿੱਛੇ ਉਨ੍ਹਾਂ ਦੀ ਕੀ ਮਨਸ਼ਾ ਹੈ, ਇਹ ਉਹੀ ਦੱਸ ਸਕਦੇ ਹਨ। ਪਾਰਟੀ ਨੇ ਇਕ ਸਾਧਾਰਨ ਵਰਕਰ ਤੋਂ ਲੈ ਕੇ ਕੌਂਸਲਰ ਅਹੁਦੇ ਤੱਕ ਪਹੁੰਚਾਇਆ। ਮੰਡਲ, ਜ਼ਿਲਾ ਅਤੇ ਸੂਬਾਈ ਟੀਮ ਵਿਚ ਕੰਮ ਕਰਨ ਦਾ ਮੌਕਾ ਦਿੱਤਾ। ਇਸ ਦੇ ਬਾਵਜੂਦ ਉਨ੍ਹਾਂ ਵੱਲੋਂ ਅਸਤੀਫ਼ਾ ਦੇਣਾ ਸਮਝ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਵਰਕਰ ਉਨ੍ਹਾਂ ਦੇ ਸਿਰ ਦਾ ਤਾਜ ਹੈ।

Add a Comment

Your email address will not be published. Required fields are marked *