ਪ੍ਰਧਾਨ ਕਾਲਕਾ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕ ਦੀ ਨਿਯੁਕਤੀ ਦਾ ਕੀਤਾ ਵਿਰੋਧ

ਅੰਮ੍ਰਿਤਸਰ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਨਾਂਦੇੜ ਸਾਹਿਬ ਦੇ ਗੈਰ-ਸਿੱਖ ਕਲੈਕਟਰ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕ ਲਾਉਣ ਦਾ ਪੁਰਜ਼ੋਰ ਵਿਰੋਧ ਕੀਤਾ ਹੈ ਤੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿਰਫ ਗੁਰਸਿੱਖ ਵਿਅਕਤੀ ਹੀ ਗੁਰਧਾਮਾਂ ਦਾ ਪ੍ਰਬੰਧਕ ਲੱਗ ਸਕਦਾ ਹੈ ਤੇ ਇਸ ਮੁਤਾਬਕ ਫੈਸਲੇ ਵਿਚ ਸੋਧ ਕੀਤੀ ਜਾਵੇ। ਕਾਲਕਾ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਕਿਵੇਂ ਮਹਾਰਾਸ਼ਟਰ ਸਰਕਾਰ ਨੇ ਇਕ ਗੈਰ-ਸਿੱਖ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧਕ ਨਿਯੁਕਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰਧਾਮਾਂ ਤੇ ਗੁਰੂਘਰਾਂ ਦੀ ਸੇਵਾ ਸੰਭਾਲ ਦੀ ਮਰਿਆਦਾ ਬਾਰੇ ਸਿਰਫ ਇਕ ਗੁਰਸਿੱਖ ਹੀ ਜਾਣਕਾਰੀ ਰੱਖਦਾ ਹੈ, ਜੋ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਸਥਾਪਿਤ ਗੁਰ ਮਰਿਆਦਾ ਮੁਤਾਬਕ ਗੁਰਧਾਮਾਂ ਦੀ ਸੇਵਾ ਸੰਭਾਲ ਯਕੀਨੀ ਬਣਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਪਹਿਲੇ ਪ੍ਰਬੰਧਕ ਡਾ. ਪੀ. ਐੱਸ. ਪਸਰੀਚਾ ਨੇ ਪਿਛਲੇ ਸਮੇਂ ਦੌਰਾਨ ਬਤੌਰ ਪ੍ਰਬੰਧਕ ਬਹੁਤ ਵਧੀਆ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸਿਰਫ ਇਕ ਗੁਰਸਿੱਖ ਨੂੰ ਹੀ ਪ੍ਰਬੰਧਕ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗ਼ੈਰ-ਸਿੱਖ ਨੂੰ ਪ੍ਰਬੰਧਕ ਨਿਯੁਕਤ ਕੀਤੇ ਜਾਣ ਕਾਰਨ ਸਿੱਖ ਸੰਗਤ ਦੇ ਹਿਰਦੇ ਨੂੰ ਡੂੰਘੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਉਹ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸਿਰਫ ਇਕ ਗੁਰਸਿੱਖ ਹੀ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਪ੍ਰਬੰਧਕ ਵਜੋਂ ਸੇਵਾਵਾਂ ਨਿਭਾਉਣ ਵਾਸਤੇ ਨਿਯੁਕਤ ਕਰਨਾ ਚਾਹੀਦਾ ਹੈ ਤਾਂ ਜੋ ਗੁਰਧਾਮਾਂ ਵਿਖੇ ਮਰਿਆਦਾ ਦੀ ਪੂਰਨ ਪਾਲਣਾ ਹੋ ਸਕੇ ਤੇ ਸਿੱਖ ਸੰਗਤ ਵਿਚ ਕਿਸੇ ਵੀ ਤਰੀਕੇ ਦਾ ਰੋਸ ਪੈਦਾ ਨਾ ਹੋਵੇ।

Add a Comment

Your email address will not be published. Required fields are marked *