ਪਾਕਿਸਤਾਨੀ ਕੁੜੀ ਨੇ ਜੋਧਪੁਰ ਦੇ ਮੁੰਡੇ ਨਾਲ ਆਨਲਾਈਨ ਕਰਵਾ ਲਿਆ ਵਿਆਹ

ਭਾਰਤ ਤੇ ਪਾਕਿਸਤਾਨ ’ਚ ਹੋਏ ਦੋ ਵਿਆਹਾਂ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਇਕ ਹੋਰ ਜੋੜੇ ਨੇ ਹਾਲ ਹੀ ’ਚ ਬਿਨਾਂ ਕਿਸੇ ਹੰਗਾਮੇ ਦੇ ਅਤੇ ਦੋਵਾਂ ਦੇ ਪਰਿਵਾਰਾਂ ਦੇ ਆਸ਼ੀਰਵਾਦ ਨਾਲ ਆਨਲਾਈਨ ਵਿਆਹ ਕਰਵਾ ਲਿਆ। ਰਾਜਸਥਾਨ ਦੇ ਜੋਧਪੁਰ ਵਿਚ ਰਹਿਣ ਵਾਲੇ ਵਕੀਲ ਮੁਹੰਮਦ ਅਰਬਾਜ਼ ਨੇ ਪਿਛਲੇ ਹਫ਼ਤੇ ਡਿਜੀਟਲ ਮਾਧਿਅਮ ਰਾਹੀਂ ਪਾਕਿਸਤਾਨ ਦੇ ਕਰਾਚੀ ਦੀ ਅਮੀਨਾ ਨਾਲ ਵਿਆਹ ਕੀਤਾ। ਇਸ ਦੌਰਾਨ ਦੋਵੇਂ ਪਾਸੇ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਅਤੇ ਕਾਜ਼ੀਆਂ ਨੇ ਕੁੜੀ-ਮੁੰਡੇ ਦਾ ਨਿਕਾਹ ਕਰਵਾਇਆ।

ਲਾੜੇ ਦੇ ਪਿਤਾ ਮੁਹੰਮਦ ਅਫ਼ਜ਼ਲ ਨੇ ਦੱਸਿਆ, “ਦੋਵਾਂ ਪੱਖਾਂ ਦੇ ਰਿਸ਼ਤੇਦਾਰਾਂ ਦੀ ਮਦਦ ਨਾਲ ਕੁਝ ਮਹੀਨੇ ਪਹਿਲਾਂ ਰਿਸ਼ਤਾ ਤੈਅ ਹੋ ਗਿਆ ਸੀ। ਲਾੜੀ ਵਾਲਿਆਂ ਨੇ ਵੀਜ਼ੇ ਲਈ ਅਪਲਾਈ ਕੀਤਾ ਸੀ ਪਰ ਇਸ ਵਿਚ ਦੇਰੀ ਹੋ ਰਹੀ ਸੀ। ਇਸ ਲਈ ਅਸੀਂ ਆਨਲਾਈਨ ਮਾਧਿਅਮ ਰਾਹੀਂ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ।’’ ਜੋਧਪੁਰ ’ਚ ਖਰਾਦੀਆਂ ਦਾ ਮੁਹੱਲਾ ਦੇ ਵਸਨੀਕ ਅਰਬਾਜ਼ ਨੇ ਕਿਹਾ ਕਿ ਗੁਆਂਢੀ ਦੇਸ਼ਾਂ ਲਈ ਅਜਿਹੇ ਵਿਆਹ ਕੋਈ ਨਵੇਂ ਨਹੀਂ ਹਨ ਕਿਉਂਕਿ ਪਹਿਲਾਂ ਵੀ ਡਿਜੀਟਲ ਮਾਧਿਅਮ ਰਾਹੀਂ ਵਿਆਹ ਹੁੰਦੇ ਰਹੇ ਹਨ। ਅਰਬਾਜ਼ ਨੇ ਕਿਹਾ, ‘‘ਕੋਵਿਡ ਮਹਾਮਾਰੀ ਦੌਰਾਨ ਵੀ ਦੋਵਾਂ ਦੇਸ਼ਾਂ ਦੇ ਤਣਾਅਪੂਰਨ ਸਬੰਧਾਂ ਦੇ ਬਾਵਜੂਦ ਅਜਿਹੇ ਵਿਆਹ ਹੋਏ ਸਨ।’’

ਉਨ੍ਹਾਂ ਕਿਹਾ ਕਿ “ਅਸੀਂ ਹੁਣ ਲਾੜੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੀਜ਼ਾ ਮਿਲਣ ਅਤੇ ਜੋਧਪੁਰ ਆਉਣ ਦੀ ਉਡੀਕ ਕਰਾਂਗੇ। ਉਦੋਂ ਇਕ ਛੋਟਾ ਸਮਾਰੋਹ ਆਯੋਜਿਤ ਕੀਤਾ ਜਾਵੇਗਾ।’’ ਇਸ ਸਾਲ ਦੇ ਸ਼ੁਰੂ ਵਿਚ ਜੋਧਪੁਰ ਦੇ ਮੁਜ਼ੱਮਿਲ ਖਾਨ ਨੇ ਆਨਲਾਈਨ ਮਾਧਿਅਮ ਰਾਹੀਂ ਪਾਕਿਸਤਾਨ ਦੀ ਉਰੂਜ ਫਾਤਿਮਾ ਨਾਲ ਵਿਆਹ ਕੀਤਾ ਸੀ। ਪਾਕਿਸਤਾਨ ਦੇ ਸਿੰਧ ਸੂਬੇ ਦੀ ਰਹਿਣ ਵਾਲੀ ਸੀਮਾ ਹੈਦਰ (30) ਗ੍ਰੇਟਰ ਨੋਇਡਾ ਦੇ ਰਬੂਪੁਰਾ ਇਲਾਕੇ ਵਿਚ ਰਹਿਣ ਵਾਲੇ ਆਪਣੇ ਭਾਰਤੀ ਪ੍ਰੇਮੀ ਸਚਿਨ ਮੀਨਾ (22) ਦੇ ਨਾਲ ਰਹਿਣ ਲਈ 13 ਮਈ ਨੂੰ ਨੇਪਾਲ ਦੇ ਰਸਤੇ ਇਕ ਬੱਸ ਵਿਚ ਆਪਣੇ 4 ਬੱਚਿਆਂ ਨਾਲ ਗੈਰ ਕਾਨੂੰਨੀ ਤੌਰ ’ਤੇ ਭਾਰਤ ’ਚ ਦਾਖ਼ਲ ਹੋਈ ਸੀ। 

4 ਜੁਲਾਈ ਨੂੰ ਸੀਮਾ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ’ਚ ਦਾਖ਼ਲ ਹੋਣ ਦੇ ਦੋਸ਼ ’ਚ ਸਥਾਨਕ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਸਚਿਨ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪਨਾਹ ਦੇਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ, ਉਨ੍ਹਾਂ ਦੋਵਾਂ ਨੂੰ 7 ਜੁਲਾਈ ਨੂੰ ਇਕ ਸਥਾਨਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ ਅਤੇ ਦੋਵੇਂ ਸੀਮਾ ਦੇ 4 ਬੱਚਿਆਂ ਨਾਲ ਰਬੂਪੁਰਾ ਵਿਚ ਰਹਿ ਰਹੇ ਹਨ। ਹਾਲ ਹੀ ਵਿਚ ਇਕ 34 ਸਾਲਾ ਵਿਆਹੁਤਾ ਭਾਰਤੀ ਔਰਤ ਅੰਜੂ ਨੇ ਜਾਇਜ਼ ਵੀਜ਼ੇ ’ਤੇ ਪਾਕਿਸਤਾਨ ਦੇ ਕਬਾਇਲੀ ਖੈਬਰ ਪਖਤੂਨਖਵਾ ਸੂਬੇ ਦੇ ਅੱਪਰ ਦੀਰ ਜ਼ਿਲ੍ਹੇ ’ਚ ਜਾ ਕੇ ਨਸਰੂੱਲਾ (24) ਨਾਲ ਵਿਆਹ ਕੀਤਾ ਸੀ। ਦੋਵੇਂ 2019 ’ਚ ਸੋਸ਼ਲ ਨੈੱਟਵਰਕਿੰਗ ਸਾਈਟ ’ਤੇ ਦੋਸਤ ਬਣੇ ਸਨ।

Add a Comment

Your email address will not be published. Required fields are marked *