ਪੰਜਾਬ ਦੇ ਸਾਬਕਾ ਵਿਧਾਇਕ ਨੂੰ ਹਾਈਕੋਰਟ ਤੋਂ ਵੱਡੀ ਰਾਹਤ

ਚੰਡੀਗੜ੍ਹ : ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ ‘ਚ ਗ੍ਰਿਫ਼ਤਾਰ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਉਰਫ਼ ਕਿੱਕੀ ਢਿੱਲੋਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਹੈ। ਕਿੱਕੀ ਢਿੱਲੋਂ ਨੂੰ ਆਪਣਾ ਪਾਸਪੋਰਟ ਕੋਰਟ ‘ਚ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ ਮਾਮਲੇ ਦੀ ਜਾਂਚ ‘ਚ ਸਹਿਯੋਗ ਕਰਨਾ ਹੋਵੇਗਾ। 2 ਘੰਟੇ ਤੱਕ ਅਦਾਲਤ ਨੇ ਆਰਡਰ ਲਿਖਵਾਏ ਅਤੇ ਸ਼ਰਤਾਂ ਨਿਰਧਾਰਿਤ ਕੀਤੀਆਂ। ਪਟੀਸ਼ਨਰ ਧਿਰ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਪਟੀਸ਼ਨਰ ਦੀ ਮਾਂ ਨੂੰ ਮਿਲਣ ਵਾਲਾ ਕਿਰਾਇਆ ਅਤੇ ਉਨ੍ਹਾਂ ਦੀ ਪਤਨੀ ਦੇ ਬਿਜ਼ਨੈੱਸ ਨਾਲ ਹੋਣ ਵਾਲੀ ਕਮਾਈ ਨੂੰ ਪਟੀਸ਼ਨਰ ਦੀ ਆਮਦਨੀ ਨਾ ਮੰਨਿਆ ਜਾਵੇ ਅਤੇ ਆਮਦਨ ਕਰ ਭਰਦੇ ਸਮੇਂ ਦਿਖਾਈ ਗਈ ਆਮਦਨ ਨੂੰ ਹੀ ਆਧਾਰ ਬਣਾ ਕੇ ਜਾਂਚ ਹੋਣੀ ਚਾਹੀਦੀ ਹੈ।

ਸਰਕਾਰ ਵਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਸਾਬਕਾ ਵਿਧਾਇਕ ਨੇ ਜਦੋਂ ਚੋਣ ਲੜਨ ਤੋਂ ਪਹਿਲਾਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ, ਉਸ ‘ਚ ਉਨ੍ਹਾਂ ਨੇ ਜੋ ਚੱਲ ਅਤੇ ਅਚੱਲ ਜਾਇਦਾਦ ਦਿਖਾਈ ਸੀ, ਉਸ ਤੋਂ ਕਿਤੇ ਜ਼ਿਆਦਾ ਜਾਇਦਾਦ ਜਾਂਚ ‘ਚ ਸਾਹਮਣੇ ਆਈ ਹੈ। ਕੋਰਟ ਨੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ। ਵਿਜੀਲੈਂਸ ਵਲੋਂ ਕਮਾਈ ਤੋਂ ਜ਼ਿਆਦਾ ਜਾਇਦਾਦ ਮਾਮਲੇ ‘ਚ ਕਿੱਕੀ ਢਿੱਲੋਂ ਨੂੰ 16 ਮਈ ਨੂੰ ਹਿਰਾਸਤ ‘ਚ ਲਿਆ ਗਿਆ ਸੀ।

ਵਿਜੀਲੈਂਸ ਵਲੋਂ ਉਨ੍ਹਾਂ ਨੂੰ ਪੁੱਛਗਿਛ ਲਈ ਦੋ ਵਾਰ ਭਾਵ ਕੁਲ 5 ਦਿਨ ਦੀ ਪੁਲਸ ਰਿਮਾਂਡ ਵੀ ਹਾਸਲ ਕੀਤਾ ਗਿਆ ਸੀ। ਰਿਮਾਂਡ ਪੂਰਾ ਹੋਣ ਤੋਂ ਬਾਅਦ ਤੋਂ ਹੀ ਢਿੱਲੋਂ ਜੇਲ੍ਹ ‘ਚ ਹਨ। ਜ਼ਮਾਨਤ ਮਿਲ ਜਾਣ ਤੋਂ ਬਾਅਦ ਟ੍ਰਾਇਲ ਕੋਰਟ ‘ਚ ਉਪਚਾਰਿਕਤਾਵਾਂ ਪੂਰੀਆਂ ਕਰ ਕੇ ਢਿੱਲੋਂ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਜਾਵੇਗਾ।

Add a Comment

Your email address will not be published. Required fields are marked *