ਨੂਹ ਹਿੰਸਾ ’ਤੇ ਭੜਕੇ ਬਾਲੀਵੁੱਡ ਸਿਤਾਰੇ, ਕਿਹਾ– ‘ਹੁਣ ਬਰਦਾਸ਼ਤ ਨਹੀਂ ਹੁੰਦਾ…’

ਮੁੰਬਈ – ਹਰਿਆਣਾ ਦੇ ਨੂਹ ’ਚ ਹੋਈ ਹਿੰਸਾ ਦੀ ਅੱਗ ਦਿੱਲੀ-ਐੱਨ. ਸੀ. ਆਰ. ਤਕ ਫੈਲ ਚੁੱਕੀ ਹੈ। ਬੀਤੇ ਦਿਨੀਂ ਗੁਰੂਗ੍ਰਾਮ ’ਚ ਕਈ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ। ਕਿਤੇ ਕਿਸੇ ਨੂੰ ਮਾਰ ਦਿੱਤਾ ਗਿਆ ਤਾਂ ਕਿਤੇ ਅੱਗ ਲਗਾ ਦਿੱਤੀ ਗਈ। ਹਰਿਆਣਾ ਤੋਂ ਲੈ ਕੇ ਗੁਰੂਗ੍ਰਾਮ ਤਕ ਫੈਲੀ ਹਿੰਸਾ ਬਾਰੇ ਜਾਣ ਕੇ ਸਿਰਫ ਆਮ ਲੋਕ ਹੀ ਨਹੀਂ, ਸਗੋਂ ਬਾਲੀਵੁੱਡ ਸਿਤਾਰੇ ਵੀ ਭੜਕ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਇੰਨਾ ਹੀ ਨਹੀਂ, ਦੰਗਿਆਂ ਦੀ ਵਜ੍ਹਾ ਨਾਲ ਪ੍ਰਭਾਵਿਤ ਹੋ ਰਹੇ ਲੋਕਾਂ ਲਈ ਦੁਆਵਾਂ ਵੀ ਕੀਤੀਆਂ ਹਨ।

ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਇਹ ਕਹਿਰ… ਕਿਉਂ? ਕਿਸ ਲਈ? ਬਖ਼ਸ਼ ਦੇ ਮਾਲਕ, ਹੁਣ ਤਾਂ ਬਖ਼ਸ਼ ਦੇ… ਹੁਣ ਬਰਦਾਸ਼ਤ ਨਹੀਂ ਹੁੰਦਾ।’’ ਉਨ੍ਹਾਂ ਨੇ ਇਕ ਹੋਰ ਟਵੀਟ ’ਚ ਲਿਖਿਆ, ‘‘ਆਪਣੇ ਵਤਨ ’ਚ ਤੇਰੀ ਦੁਨੀਆ ’ਚ ਮੈਨੂੰ ਅਮਨ ਸ਼ਾਂਤੀ ਭਾਈਚਾਰਾ ਚਾਹੀਦਾ ਹੈ।’’ ਉਥੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਲਿਖਿਆ, ‘‘ਨਾ ਕਿਸੇ ਦਾ ਘਰ ਸੜਿਆ, ਨਾ ਕਿਸੇ ਦੀ ਦੁਕਾਨ, ਸਿਰਫ਼ ਸੜ ਰਹੀ ਸੀ ਇਨਸਾਨੀਅਤ, ਦੇਖ ਰਿਹਾ ਸੀ ਇਨਸਾਨ।’’

ਦੱਸ ਦੇਈਏ ਕਿ ਹਰਿਆਣਾ ਦੇ ਨੂਹ (ਮੇਵਾਤ) ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ਦੌਰਾਨ ਸ਼ੁਰੂ ਹੋਈ ਹਿੰਸਾ ’ਚ ਹੁਣ ਤਕ 6 ਲੋਕਾਂ ਦੀ ਮੌਤ ਹੋ ਗਈ ਹੈ। ਨੂਹ ’ਚ ਸੋਮਵਾਰ ਨੂੰ ਅੱਗ ਦੀ ਤਰ੍ਹਾਂ ਫੈਲੀ ਇਸ ਹਿੰਸਾ ਤੋਂ ਬਾਅਦ ਕਰਫਿਊ ਲਗਾ ਦਿੱਤਾ ਗਿਆ ਸੀ। ਸਿਰਫ ਨੂਹ ਹੀ ਨਹੀਂ, ਇਸ ਹਿੰਸਾ ਦਾ ਅਸਰ ਗੁਰੂਗ੍ਰਾਮ ਤੇ ਪਲਵਲ ਜ਼ਿਲੇ ’ਚ ਵੀ ਦੇਖਣ ਨੂੰ ਮਿਲਿਆ। ਨੂਹ ਦੀ ਹਿੰਸਾ ਦੇ ਵਿਰੋਧ ’ਚ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਦਿੱਲੀ-ਐੱਨ. ਸੀ. ਆਰ. ਦੇ 23 ਇਲਾਕਿਆਂ ’ਚ ਰੈਲੀਆਂ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਇਨ੍ਹਾਂ ਰੈਲੀਆਂ ’ਤੇ ਰੋਕ ਲਗਾਉਣ ਲਈ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਹੈ।

Add a Comment

Your email address will not be published. Required fields are marked *