ਪਤੀ ਦੀ ਕਬਰ ਦੇ ਨੇੜੇ ਦਫਨਾਈ ਜਾਏਗੀ ਮਹਾਰਾਣੀ ਐਲਿਜ਼ਾਬੈਥ

ਲੰਡਨ – ਬ੍ਰਿਟੇਨ ’ਚ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਸਕਾਟਲੈਂਡ ਦੇ ਬਾਲਮੋਰਲ ਕੈਸਲ ਸਥਿਤ ਰਿਹਾਇਸ਼ ’ਤੇ ਦੇਹਾਂਤ ਦੇ ਇਕ ਦਿਨ ਬਾਅਦ ਸ਼ੁੱਕਰਵਾਰ ਨੂੰ ਬ੍ਰਿਟੇਨ ’ਚ 12 ਦਿਨਾਂ ਦਾ ਸਰਕਾਰੀ ਸੋਗ ਜਾਰੀ ਹੈ। ਕੁਈਨ ਐਲਿਜ਼ਾਬੈਥ ਦਾ ਅੰਤਿਮ ਸੰਸਕਾਰ ਸ਼ਾਹੀ ਪ੍ਰੰਪਰਾ ਅਨੁਸਾਰ 10ਵੇਂ ਦਿਨ ਭਾਵ 19 ਸਤੰਬਰ ਨੂੰ ਕੀਤਾ ਜਾਵੇਗਾ। ਉਨ੍ਹਾਂ ਨੂੰ ਉਨ੍ਹਾਂ ਦੇ ਪਤੀ ਪ੍ਰਿੰਸ ਫਿਲਿਪ ਦੀ ਕਬਰ ਦੇ ਨੇੜੇ ਸੇਂਟ ਜਾਰਜ ਚੈਪਲ ਦੇ ਅੰਦਰ ਸਥਿਤ ਕਿੰਗ ਜਾਰਜ ਛੇਵੇਂ ਮੈਮੋਰੀਅਲ ਚੈਪਲ ’ਚ ਰਾਇਲ ਵਾਲਟ ’ਚ ਦਫਨ ਕੀਤਾ ਜਾਵੇਗਾ। ਅੰਤਿਮ ਸੰਸਕਾਰ ਨਾਲ ਜੁੜੀਆਂ ਪ੍ਰੰਪਰਾਵਾਂ 12 ਦਿਨਾਂ ਤੱਕ ਚੱਲਣਗੀਆਂ। ਭਾਰਤ ਸਰਕਾਰ ਨੇ ਵੀ ਕੁਈਨ ਦੇ ਦਿਹਾਂਤ ’ਤੇ ਇਕ ਦਿਨ 11 ਸਤੰਬਰ ਨੂੰ ਸੋਗ ਦਾ ਐਲਾਨ ਕੀਤਾ ਹੈ।

ਲੰਡਨ ਦੇ ਬਕਿੰਘਮ ਪੈਲੇਸ ਅਤੇ ਬਰਕਸ਼ਾਇਰ ’ਚ ਵਿੰਡਸਰ ਕੈਸਲ ਦੇ ਬਾਹਰ ਭਾਰੀ ਭੀੜੀ ਇਕੱਠੀ ਹੋ ਗਈ, ਜਿਸ ’ਚ ਕਈ ਲੋਕਾਂ ਹੰਝੂ ਭਰੀਆਂ ਅੱਖਾਂ ਨਾਲ 70 ਸਾਲਾਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਦੇ ਦੇਹਾਂਤ ’ਤੇ ਸ਼ਰਧਾਂਜਲੀ ਦਿੱਤੀ। ਅੰਤਿਮ ਸੰਸਕਾਰ ਨਾਲ ਜੁੜੀਆਂ ਪ੍ਰੰਪਰਾਵਾਂ ਤਹਿਤ ਮਰਹੂਮ ਮਹਾਰਾਣੀ ਨੂੰ ਸ਼ਾਹੀ ਗੰਨ ਸੈਲਿਊਟ ਦਿੱਤਾ ਗਿਆ। ਕੁਈਨ 96 ਸਾਲਾਂ ਦੀ ਸੀ, ਇਸ ਲਈ ਉਨ੍ਹਾਂ ਨੂੰ ਹਰ ਸਾਲ ਦੇ ਹਿਸਾਬ ਨਾਲ 96 ਰਾਊਂਡ ਦੀ ਫਾਇਰਿੰਗ ਦੇ ਨਾਲ ਗੰਨ ਸੈਲਿਊਟ ਦਿੱਤਾ ਗਿਆ। ਕੁਈਨ ਐਲਿਜ਼ਾਬੈਥ ਦੀ ਮ੍ਰਿਤਕ ਦੇਹ ਸਕਾਟਲੈਂਡ ਦੇ ਬਾਲਮੋਰਲ ਕੈਸਲ ਤੋਂ ਲੰਡਨ ਦੇ ਬਕਿੰਘਮ ਪੈਲੇਸ ਪਹੁੰਚੇਗੀ। ਉਥੋਂ ਇਸ ਨੂੰ ਵੈਸਟਮਿੰਸਟਰ ਹਾਲ ਲਿਆਂਦਾ ਜਾਵੇਗਾ, ਜਿਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲਗਭਗ 4 ਦਿਨਾਂ ਤੱਕ ਰੱਖਿਆ ਜਾਵੇਗਾ। ਇਸ ਦੌਰਾਨ ਲੋਕ ਉਨ੍ਹਾਂ ਦੇ ਦਰਸ਼ਨ ਕਰ ਸਕਣਗੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕਣਗੇ।

ਇਸ ਦੌਰਾਨ ਮਿਲਟ੍ਰੀ ਪਰੇਡ ਹੋਵੇਗੀ। ਸ਼ਾਹੀ ਪਰਿਵਾਰ ਦੇ ਮੈਂਬਰ ਵੀ ਇਸ ਸਫਰ ’ਚ ਸ਼ਾਮਲ ਹੋਣਗੇ। ਬ੍ਰਿਟੇਨ ’ਚ ਮਹਾਰਾਣੀ ਐਲਿਜ਼ਾਬੈਥ ਦੂਜੀ ਦਾ ਅੰਤਿਮ ਸੰਸਕਾਰ ਦੇਸ਼ ’ਚ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਬਾਅਦ ਪਹਿਲੀ ਵਾਰ ਕਿਸੇ ਦਾ ਸਰਕਾਰੀ ਅੰਤਿਮ ਸੰਸਕਾਰ ਹੋਵੇਗਾ। ਇਸ ਤੋਂ ਪਹਿਲਾਂ 1965 ’ਚ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੂੰ ਸਰਕਾਰੀ ਸਨਮਾਨ ਦੇ ਨਾਲ ਵਿਦਾ ਕੀਤਾ ਗਿਆ ਸੀ। ਮਹਾਰਾਣੀ ਦੇ ਪਤੀ ਪ੍ਰਿੰਸ ਫਿਲਿਪ ਦਾ ਅੰਤਿਮ ਸੰਸਕਾਰ ਰਾਜਸ਼ਾਹੀ ਪ੍ਰੰਪਰਾ ਅਨੁਸਾਰ ਕੀਤਾ ਗਿਆ ਸੀ। ਪਿਛਲੇ 295 ਸਾਲਾਂ ’ਚ ਰਾਜ ਪਰਿਵਾਰ ਦੇ ਇਕਲੌਤੇ ਮੈਂਬਰ ਐਡਵਰਡ ਅੱਠਵੇਂ ਦਾ ਸਰਕਾਰੀ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਸੀ, ਜਿਨ੍ਹਾਂ ਨੇ ਆਪਣੀ ਇੱਛਾ ਨਾਲ ਅਹੁਦਾ ਛੱਡ ਦਿੱਤਾ ਸੀ। ਬ੍ਰਿਟੇਨ ’ਚ ਕਿਸੇ ਰਾਜਾ ਦਾ ਆਖਰੀ ਵਾਰ ਸਰਕਾਰੀ ਅੰਤਿਮ ਸੰਸਕਾਰ 1952 ’ਚ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਪਿਤਾ ਜਾਰਜ ਛੇਵੇਂ ਦਾ ਕੀਤਾ ਗਿਆ ਸੀ।

Add a Comment

Your email address will not be published. Required fields are marked *