ਭਾਰਤ ਨੇ ਸਪੈਨਿਸ਼ ਸੰਘ ਹਾਕੀ ਟੂਰਨਾਮੈਂਟ ਦਾ ਜਿੱਤਿਆ ਖ਼ਿਤਾਬ

ਬਾਰਸੀਲੋਨ – ਭਾਰਤੀ ਮਹਿਲਾ ਹਾਕੀ ਟੀਮ ਨੇ ਦਬਦਬੇ ਭਰਿਆ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਇਥੇ ਸਪੈਨਿਸ਼ ਹਾਕੀ ਸੰਘ ਦੀ 100ਵੀਂ ਵਰ੍ਹੇਗੰਢ ਮੌਕੇ ਹੋ ਰਹੇ ਕੌਮਾਂਤਰੀ ਟੂਰਨਾਮੈਂਟ ’ਚ ਮੇਜ਼ਬਾਨ ਸਪੇਨ ’ਤੇ 3-0 ਨਾਲ ਆਸਾਨ ਜਿੱਤ ਦਰਜ ਕਰ ਲਈ। ਭਾਰਤੀ ਟੀਮ ਨੂੰ ਅਜੇ ਤਕ ਟੂਰਨਾਮੈਂਟ ’ਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਉਸ ਦੇ ਲਈ ਵੰਦਨਾ ਕਟਾਰੀਆ ਨੇ 22ਵੇਂ ਮਿੰਟ, ਮੋਨਿਕਾ ਨੇ 48ਵੇਂ ਮਿੰਟ ਤੇ ਓਦਿਤਾ ਨੇ 58ਵੇਂ ਮਿੰਟ ’ਚ ਗੋਲ ਕੀਤੇ। ਸ਼ਨੀਵਾਰ ਨੂੰ ਇੰਗਲੈਂਡ ’ਤੇ ਸਫਲਤਾ ਨਾਲ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਨੇ ਪਹਿਲੇ ਕੁਆਰਟਰ ਤੋਂ ਹੀ ਮਜ਼ਬੂਤ ਸ਼ੁਰੂਆਤ ਕੀਤੀ। ਖਿਡਾਰਨਾਂ ਨੇ ਚੌਕਸੀ ਵਰਤਦੇ ਹੋਏ ਛੋਟੇ-ਛੋਟੇ ਪਰ ਸਟੀਕ ਪਾਸ ਨਾਲ ਅਨੁਸ਼ਾਸਿਤ ਪ੍ਰਦਰਸ਼ਨ ਜਾਰੀ ਰੱਖਿਆ, ਜਿਸ ਨਾਲ ਉਸ ਨੇ ਸਰਕਲ ਦੇ ਅੰਦਰ ਮੌਕੇ ਬਣਾਏ ਪਰ ਮਹਿਮਾਨ ਟੀਮ ਪਹਿਲੇ ਕੁਆਰਟਰ ’ਚ ਕੋਈ ਗੋਲ ਨਹੀਂ ਕਰ ਸਕੀ। ਸਪੇਨ ਨੇ ਵੀ ਪਹਿਲੇ ਕੁਆਰਟਰ ਦੇ ਆਖਰੀ ਪੰਜ ਮਿੰਟਾਂ ’ਚ ਕੁਝ ਚੰਗੀਆਂ ਕੋਸ਼ਿਸ਼ਾਂ ਕੀਤੀਆਂ ਪਰ ਭਾਰਤੀ ਕਪਤਾਨ ਤੇ ਗੋਲਕੀਪਰ ਸਵਿਤਾ ਨੇ ਬਿਹਤਰੀਨ ਬਚਾਅ ਕਰਕੇ ਵਿਰੋਧੀਆਂ ਨੂੰ ਦੂਰ ਹੀ ਰੱਖਿਆ।

ਦੂਜੇ ਕੁਆਰਟਰ ’ਚ ਭਾਰਤ ਨੇ ਦਬਦਬਾ ਬਣਾਇਆ, ਜਿਸ ਨਾਲ ਉਸਦੀ ਬੜ੍ਹਤ ਹਾਸਲ ਕਰਨ ਦੀ ਭੁੱਖ ਸਪੱਸ਼ਟ ਦਿਸੀ। ਸੁਸ਼ੀਲਾ ਨੇ 22ਵੇਂ ਮਿੰਟ ’ਚ ਮੈਦਾਨੀ ਗੋਲ ਕਰਨ ਦਾ ਚੰਗਾ ਮੌਕਾ ਬਣਾਇਆ ਤੇ ਨੇਹਾ ਗੋਇਲ ਨੂੰ ਸਰਕਲ ਦੇ ਉੱਪਰ ਤੋਂ ਪਾਸ ਦਿੱਤਾ ਪਰ ਉਸਦੀ ਸ਼ਾਟ ਸਪੈਨਿਸ਼ ਗੋਲਕੀਪਰ ਕਲਾਰਾ ਪੇਰੇਜ ਦੇ ਪੈਡ ਨਾਲ ਵਾਪਸ ਆ ਗਈ। ਇੰਗਲੈਂਡ ਵਿਰੁੱਧ 3 ਗੋਲ ਕਰਕੇ ਸਟਾਰ ਰਹੀ ਲਾਲਰੇਮਸਿਆਮੀ ਨੇ ਰਿਬਾਊਂਡ ਨੂੰ ਗੋਲਕੀਪਰ ਦੇ ਕੋਲ ਸਮੈਸ਼ ਕੀਤਾ ਤੇ ਉੱਥੇ ਮੌਜੂਦ ਵੰਦਨਾ ਨੇ ਇਸ ਨੂੰ ਛੂਆ ਕੇ ਗੋਲ ਲਾਈਨ ਦੇ ਅੰਦਰ ਪਹੁੰਚਾ ਦਿੱਤਾ। ਸਪੇਨ ’ਤੇ ਦਬਾਅ ਵਧਦਾ ਜਾ ਰਿਹਾ ਸੀ ਤੇ ਭਾਰਤ ਨੇ ਮੋਨਿਕਾ ਦੇ ਪੈਨਲਟੀ ਕਾਰਨਰ ’ਤੇ 48ਵੇਂ ਮਿੰਟ ’ਚ ਕੀਤੇ ਗਏ ਗੋਲ ਨਾਲ ਬੜ੍ਹਤ ਦੁੱਗਣੀ ਕਰ ਦਿੱਤੀ।

ਭਾਰਤ ਨੇ ਫਿਰ ਦੀਪ ਗ੍ਰੇਸ ਇੱਕਾ, ਨਿੱਕੀ ਪ੍ਰਧਾਨ ਤੇ ਸੁਸ਼ੀਲਾ ਚਾਨੂ ਦੀ ਬਦੌਲਤ ਡਿਫੈਂਸ ਵੀ ਮਜ਼ਬੂਤ ਕੀਤਾ, ਜਿਸ ਨਾਲ ਸਪੇਨ ਦੇ ਹਮਲਿਆਂ ’ਤੇ ਲਗਾਮ ਲੱਗੀ ਰਹੀ। ਹੂਟਰ ਵੱਜਣ ਤੋਂ ਦੋ ਮਿੰਟ ਪਹਿਲਾਂ ਓਦਿਤਾ ਨੇ ਬਿਹਤਰੀਨ ਡ੍ਰਿਬਲਿੰਗ ਦਾ ਨਜ਼ਾਰਾ ਪੇਸ਼ ਕਰਦੇ ਹੋਏ ਤੀਜਾ ਗੋਲ ਕਰ ਦਿੱਤਾ। ਭਾਰਤ ਨੇ ਇਸ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ’ਚ ਇੰਗਲੈਂਡ ਵਿਰੁੱਧ 1-1 ਨਾਲ ਮੈਚ ਡਰਾਅ ਖੇਡਿਆ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤੀ ਹਾਕੀ ਟੀਮ ਤੇ ਸਪੇਨ ਵਿਚਾਲੇ ਹੋਇਆ ਮੈਚ 2-2 ਨਾਲ ਡਰਾਅ ਰਿਹਾ ਸੀ। ਸ਼ਨੀਵਾਰ ਨੂੰ ਭਾਰਤ ਨੇ ਇੰਗਲੈਂਡ ਨੂੰ ਫਿਰ 3-0 ਨਾਲ ਹਰਾ ਕੇ ਟੂਰਨਾਮੈਂਟ ’ਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਸੀ। ਭਾਰਤੀ ਮਹਿਲਾ ਹਾਕੀ ਟੀਮ ਹੁਣ ਚੀਨ ਦੇ ਹਾਂਗਝੋਓ ’ਚ 23 ਸਤੰਬਰ ਤੋਂ 8 ਅਕਤੂਬਰ ਤਕ ਹੋਣ ਵਾਲੀਆਂ ਏਸ਼ੀਆਈ ਖੇਡਾਂ-2023 ’ਚ ਮੁਕਾਬਲੇਬਾਜ਼ੀ ਪੇਸ਼ ਕਰਦੇ ਹੋਈ ਨਜ਼ਰ ਆਵੇਗੀ।

Add a Comment

Your email address will not be published. Required fields are marked *