ਮੂਸੇਵਾਲਾ ਕਤਲਕਾਂਡ : ਸਚਿਨ ਬਿਸ਼ਨੋਈ ਨੂੰ ਲਿਆਂਦਾ ਜਾਵੇਗਾ ਭਾਰਤ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਭਾਰਤ ਲਿਆਉਣ ਲਈ ਸੁਰੱਖਿਆ ਏਜੰਸੀਆਂ ਦੀ ਟੀਮ ਅਜ਼ਰਬੈਜਾਨ ਰਵਾਨਾ ਹੋ ਗਈ ਹੈ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੀ ਟੀਮ ਵੀ ਅੱਜ ਰਾਤ ਤੱਕ ਅਜ਼ਰਬੈਜਾਨ ਪਹੁੰਚ ਜਾਵੇਗੀ। ਸਪੈਸ਼ਲ ਸੈੱਲ ਦੀ ਟੀਮ ਅਗਲੇ ਦੋ ਦਿਨਾਂ ਵਿਚ ਅਜ਼ਰਬੈਜਾਨ ਤੋਂ ਸਚਿਨ ਬਿਸ਼ਨੋਈ ਨੂੰ ਲੈ ਕੇ ਦਿੱਲੀ ਪੁੱਜੇਗੀ।
ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਦੇ ਇਕ ਏ.ਸੀ.ਪੀ., ਦੋ ਇੰਸਪੈਕਟਰਾਂ ਸਮੇਤ ਤਕਰੀਬਨ 4 ਅਧਿਕਾਰੀਆਂ ਦੀ ਟੀਮ ਅਜ਼ਰਬੈਜਾਨ ਲਈ ਰਵਾਨਾ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਹੋਇਆ ਸੀ। ਸਿੱਧੂ ਮੂਸੇਵਾਲਾ ਕਤਲਕਾਂਡ ਦੀ ਜ਼ਿੰਮੇਵਾਰੀ ਲੈਣ ਵਾਲਾ ਲਾਰੈਂਸ ਬਿਸ਼ਨੋਈ ਦਾ ਭਾਣਜੇਾ ਗੈਂਗਸਟਰ ਸਚਿਨ ਬਿਸ਼ਨੋਈ ਕਤਲ ਤੋਂ ਪਹਿਲਾਂ 21 ਅਪ੍ਰੈਲ 2022 ਤੱਕ ਭਾਰਤ ਵਿਚ ਸੀ। ਇਸ ਤੋਂ ਬਾਅਦ ਉਹ ਫ਼ਰਜ਼ੀ ਨਾਂ ’ਤੇ ਪਾਸਪੋਰਟ ਬਣਵਾ ਕੇ ਭਾਰਤ ਤੋਂ ਭੱਜ ਗਿਆ। ਜਾਂਚ ’ਚ ਪਤਾ ਲੱਗਾ ਕਿ ਉਸ ਦਾ ਪਾਸਪੋਰਟ ਦਿੱਲੀ ਦੇ ਖੇਤਰੀ ਪਾਸਪੋਰਟ ਦਫ਼ਤਰ ਤੋਂ ਬਣਿਆ ਸੀ। ਸਚਿਨ ਬਿਸ਼ਨੋਈ ਦਾ ਫਰਜ਼ੀ ਪਾਸਪੋਰਟ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਦੇ ਇਕ ਪਤੇ ’ਤੇ ਬਣਿਆ ਸੀ। ਇਸ ਫਰਜ਼ੀ ਪਾਸਪੋਰਟ ’ਤੇ ਸਚਿਨ ਬਿਸ਼ਨੋਈ ਦਾ ਫਰਜ਼ੀ ਨਾਂ ਤਿਲਕ ਰਾਜ ਟੁਟੇਜਾ ਲਿਖਿਆ ਹੋਇਆ ਸੀ।
ਸਚਿਨ ਬਿਸ਼ਨੋਈ ਨੇ ਮੂਸੇਵਾਲਾ ਕਤਲਕਾਂਡ ਦਾ ਪੂਰਾ ਪਲਾਨ ਤਿਆਰ ਕੀਤਾ ਸੀ। ਉਸ ਨੇ ਕਤਲਕਾਂਡ ਵਿਚ ਵਰਤੇ ਗਏ ਸ਼ੂਟਰਾਂ ਲਈ ਰਿਹਾਇਸ਼, ਭੋਜਨ, ਸ਼ੈਲਟਰ, ਪੈਸੇ, ਗੱਡੀਆਂ ਦਾ ਪ੍ਰਬੰਧ ਕੀਤਾ ਸੀ ਅਤੇ ਫਿਰ ਜਾਅਲੀ ਪਾਸਪੋਰਟ ਦੀ ਮਦਦ ਨਾਲ ਭਾਰਤ ਦੇ ਇਕ ਹਵਾਈ ਅੱਡੇ ਤੋਂ ਦੁਬਈ ਭੱਜ ਗਿਆ ਸੀ। ਬਾਅਦ ਵਿਚ ਉਹ ਦੁਬਈ ਤੋਂ ਅਜ਼ਰਬੈਜਾਨ ਚਲਾ ਗਿਆ।

