ਪਾਕਿਸਤਾਨ ਸਰਕਾਰ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ 13 ਮਿਲੀਅਨ ਡਾਲਰ ਦੀ ਰਾਸ਼ੀ ਕੀਤੀ ਜਾਰੀ

ਇਸਲਾਮਾਬਾਦ : ਪਾਕਿਸਤਾਨ ਸਰਕਾਰ ਨੇ ਤਬਾਹਕੁਨ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ 3 ਬਿਲੀਅਨ ਪੀਕੇਆਰ (13 ਮਿਲੀਅਨ ਡਾਲਰ) ਦੇ ਫੰਡ ਨੂੰ ਮਨਜ਼ੂਰੀ ਦੇ ਦਿੱਤੀ ਹੈ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਵਿੱਤ ਮੰਤਰਾਲੇ ਨੇ ਕਿਹਾ ਕਿ ਮੰਤਰੀ ਮੰਡਲ ਦੀ ਆਰਥਿਕ ਤਾਲਮੇਲ ਕਮੇਟੀ (ਈਸੀਸੀ) ਦੀ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਪਲਾਈ, ਬਚਾਅ ਕਾਰਜਾਂ ਅਤੇ ਮੁੜ ਵਸੇਬੇ ਲਈ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (NDMA) ਨੂੰ ਧਨ ਮੁਹੱਈਆ ਕਰਵਾਏਗੀ। 

ਸਰਕਾਰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਯੂਟਿਲਿਟੀ ਸਟੋਰਾਂ ਨੂੰ 540 ਮਿਲੀਅਨ ਪੀਕੇਆਰ ਵੀ ਪ੍ਰਦਾਨ ਕਰੇਗੀ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ।ਦੇਸ਼ ਦੀ ਸਰਕਾਰੀ ਸਮਾਚਾਰ ਏਜੰਸੀ ਐਸੋਸੀਏਟਿਡ ਪ੍ਰੈਸ ਆਫ ਪਾਕਿਸਤਾਨ ਨੇ ਰਿਪੋਰਟ ਦਿੱਤੀ ਕਿ ਯੂਟੀਲਿਟੀ ਸਟੋਰਾਂ ਨੇ ਸੂਬਾਈ ਸਰਕਾਰਾਂ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜ਼ਰੂਰੀ ਭੋਜਨ ਪਦਾਰਥਾਂ ਦੀ ਸਪਲਾਈ ਦੇ ਰਾਹਤ ਕਾਰਜਾਂ ਵਿੱਚ ਸਰਗਰਮ ਹਿੱਸਾ ਲਿਆ ਹੈ।ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਮਰਜੈਂਸੀ ਸਥਿਤੀ ਦੇ ਕਾਰਨ ਅਤੇ ਮੁਢਲੇ ਲੋੜਾਂ ਦੇ ਮੁਲਾਂਕਣ ਦੇ ਆਧਾਰ ‘ਤੇ, ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ 540 ਮਿਲੀਅਨ ਪੀਕੇਆਰ ਦੀ ਰਕਮ ਦੇ 113,700 ਰਾਸ਼ਨ ਬੈਗ ਵੰਡੇ ਜਾਣਗੇ।

ਤਾਜ਼ਾ ਐੱਨ.ਡੀ.ਐੱਮ.ਏ. ਅੱਪਡੇਟ ਅਨੁਸਾਰ ਅੱਧ ਜੂਨ ਤੋਂ ਲਗਾਤਾਰ ਮਾਨਸੂਨ ਕਾਰਨ ਆਏ ਘਾਤਕ ਹੜ੍ਹਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਸ਼ੁੱਕਰਵਾਰ ਤੱਕ 1,391 ਹੋ ਗਈ, ਜਦੋਂ ਕਿ 12,722 ਹੋਰ ਜ਼ਖਮੀ ਹੋਏ।ਇਸ ਤੋਂ ਇਲਾਵਾ, 1,739,166 ਘਰ ਤਬਾਹ ਹੋ ਗਏ ਹਨ, ਜਦੋਂ ਕਿ ਅੰਦਾਜ਼ਨ 754,708 ਪਸ਼ੂ ਮਾਰੇ ਗਏ ਹਨ।ਐੱਨ.ਡੀ.ਐੱਮ.ਏ. ਅਪਡੇਟ ਨੇ ਅੱਗੇ ਦੱਸਿਆ ਕਿ 177,265 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ 663,869 ਹੋਰ ਇਸ ਸਮੇਂ ਕੈਂਪਾਂ ਵਿੱਚ ਰਹਿ ਰਹੇ ਹਨ।
ਫਿਲਹਾਲ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।

Add a Comment

Your email address will not be published. Required fields are marked *