ਪੰਜਾਬ ‘ਚ ‘ਆਯੁਸ਼ਮਾਨ ਯੋਜਨਾ’ ਦਾ ਲਾਭ ਲੈਣ ਵਾਲਿਆਂ ਲਈ ਅਹਿਮ ਸੂਚਨਾ

ਚੰਡੀਗੜ੍ਹ : ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੇ ਮਕਸਦ ਨਾਲ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਸਾਰੇ ਯੋਗ ਲਾਭਪਾਤਰੀਆਂ ਨੂੰ ਯੋਜਨਾ ਅਧੀਨ ਕਵਰ ਕਰਨ ਲਈ 7 ਇਨਫਾਰਮੇਸ਼ਨ ਐਜੂਕੇਸ਼ਨ ਤੇ ਕਮਿਊਨੀਕੇਸ਼ਨ (ਆਈ. ਈ. ਸੀ.) ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਕੀਮ ਪ੍ਰਤੀ ਪਰਿਵਾਰ ਸਲਾਨਾ 5 ਲੱਖ ਰੁਪਏ ਦੀ ਬੀਮਾ ਕਵਰੇਜ ਮੁਹੱਈਆ ਕਰਦੀ ਹੈ। ਡਾ. ਬਲਬੀਰ ਸਿੰਘ ਨੇ ਇੱਥੇ ਪੰਜਾਬ ਭਵਨ ਵਿਖੇ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਜਾਗਰੂਕਤਾ ਮੁਹਿੰਮ ਦਾ ਮਕਸਦ ਪੇਂਡੂ ਲੋਕਾਂ ਤੱਕ ਪਹੁੰਚ ਨੂੰ ਵਧਾਉਣਾ ਹੈ ਤਾਂ ਜੋ ਹਰੇਕ ਯੋਗ ਵਿਅਕਤੀ ਇਸ ਫਲੈਗਸ਼ਿਪ ਸਕੀਮ ਦਾ ਲਾਭ ਲੈ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਦੀ 70 ਫ਼ੀਸਦੀ ਯੋਗ ਆਬਾਦੀ ਨੂੰ ਪਹਿਲਾਂ ਹੀ ਇਸ ਸਕੀਮ ਅਧੀਨ ਕਵਰ ਕੀਤਾ ਚੁੱਕਾ ਹੈ ਅਤੇ ਇਸ ਜਾਗਰੂਕਤਾ ਮੁਹਿੰਮ ਰਾਹੀਂ ਪੰਜਾਬ ਸਰਕਾਰ ਦਾ ਟੀਚਾ 100 ਫ਼ੀਸਦੀ ਯੋਗ ਆਬਾਦੀ ਨੂੰ ਕਵਰ ਕਰਨ ਦਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ‘ਚ ਇਸ ਸਕੀਮ ਅਧੀਨ 44 ਲੱਖ ਪਰਿਵਾਰ ਆਉਂਦੇ ਹਨ ਅਤੇ ਸੂਬੇ ਦੇ 900 ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਸੂਚੀਬੱਧ ਹਨ, ਜਿਨ੍ਹਾਂ ‘ਚ ਇਸ ਸਕੀਮ ਦੀ ਕਵਰੇਜ ਅਧੀਨ ਇਲਾਜ ਲਈ 1579 ਟ੍ਰੀਟਮੈਂਟ ਪੈਕੇਜ ਉਪਲੱਬਧ ਹਨ। ਇਸ ਤੋਂ ਇਲਾਵਾ ਇਸ ਸਕੀਮ ਦੇ ਲਾਭਪਾਤਰੀ ਪੂਰੇ ਭਾਰਤ ‘ਚ ਕਿਤੇ ਵੀ ਸੂਚੀਬੱਧ ਹਸਪਤਾਲਾਂ ‘ਚ ਇਲਾਜ ਸਹੂਲਤਾਂ ਲੈ ਸਕਦੇ ਹਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਉਣ ਵਾਲੇ ਸਮੇਂ ‘ਚ ਇਸ ਸਿਹਤ ਬੀਮਾ ਯੋਜਨਾ ਦਾ ਦਾਇਰਾ ਵਧਾਉਣ ’ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਦਾਇਰਾ ਵਧਣ ਤੋਂ ਬਾਅਦ ਹਰ ਵਿਅਕਤੀ ਪ੍ਰੀਮੀਅਮ ਵਜੋਂ ਘੱਟੋ-ਘੱਟ ਰਾਸ਼ੀ ਅਦਾ ਕਰਕੇ ਇਸ ਬੀਮਾ ਯੋਜਨਾ ਦਾ ਲਾਭ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਸਮਾਰਟ ਰਾਸ਼ਨ ਕਾਰਡ ਧਾਰਕ, ਜੇ-ਫਾਰਮ ਧਾਰਕ ਕਿਸਾਨ, ਰਜਿਸਟਰਡ ਮਜ਼ਦੂਰ, ਛੋਟੇ ਵਪਾਰੀ, ਮਾਨਤਾ ਪ੍ਰਾਪਤ ਪੱਤਰਕਾਰ ਅਤੇ ਸਮਾਜਿਕ-ਆਰਥਿਕ ਜਾਤੀ ਜਨਗਣਨਾ (ਐੱਸ. ਈ. ਸੀ. ਸੀ.) 2011 ਅਧੀਨ ਸੂਚੀਬੱਧ ਪਰਿਵਾਰ ਇਸ ਸਕੀਮ ਤਹਿਤ ਕਵਰ ਹਨ। ਮੰਤਰੀ ਨੇ ਇਹ ਵੀ ਦੱਸਿਆ ਕਿ ਰਜਿਸਟਰਡ ਕੁੱਲ 44 ਲੱਖ ਲਾਭਪਾਤਰੀ ਪਰਿਵਾਰਾਂ ਵਿਚੋਂ ਲਗਭਗ 16.65 ਲੱਖ ਪਰਿਵਾਰ ਐੱਸ. ਈ. ਸੀ. ਸੀ. ਅਧੀਨ ਆਉਂਦੇ ਹਨ, ਜਿਸ ਦਾ ਖ਼ਰਚਾ ਕੇਂਦਰ ਅਤੇ ਰਾਜ ਸਰਕਾਰਾਂ ਦਰਮਿਆਨ 60:40 ਦੇ ਅਨੁਪਾਤ ‘ਚ ਸਾਂਝਾ ਹੈ, ਜਦੋਂ ਕਿ ਬਾਕੀ 27.35 ਲੱਖ ਪਰਿਵਾਰਾਂ ਦਾ ਸਾਰਾ ਖ਼ਰਚਾ ਸੂਬਾ ਸਰਕਾਰ ਸਹਿਣ ਕਰਦੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ 15 ਮਹੀਨਿਆਂ ‘ਚ ਮਾਰਚ 2022 ਤੋਂ 730 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 5.80 ਲੱਖ ਟ੍ਰੀਟਮੈਂਟ ਪੈਕੇਜ ਮੁਹੱਈਆ ਕੀਤੇ ਗਏ ਹਨ। ਜਾਗਰੂਕਤਾ ਵੈਨਾਂ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਸੂਬਾ ਵਿਆਪੀ ਜਨ ਸੰਪਰਕ-ਜਾਗਰੂਕਤਾ ਪ੍ਰੋਗਰਾਮ ਅਧੀਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਪੜਾਅਵਾਰ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਵੈਨਾਂ ਲੋਕਾਂ ਨੂੰ ਸਕੀਮ ਅਧੀਨ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਲਈ ਲਾਮਬੰਦ ਕਰਨਗੀਆਂ। ਇਸ ਦੇ ਨਾਲ ਹੀ ਮੌਕੇ ’ਤੇ ਈ-ਕਾਰਡ ਬਣਾਉਣ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਸਿਹਤ ਮੰਤਰੀ ਨੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਨ, ਪੇਂਡੂ ਖੇਤਰਾਂ ਅਤੇ ਸੂਬੇ ਦੇ ਦੂਰ-ਦੁਰਾਡੇ ਦੇ ਖੇਤਰਾਂ ਦੇ ਲੋਕਾਂ ਤੱਕ ਵਧੇਰੇ ਸਰਗਰਮੀ ਨਾਲ ਪਹੁੰਚ ਬਣਾਉਣ ਸਬੰਧੀ ਭਗਵੰਤ ਮਾਨ ਸਰਕਾਰ ਦੀ ਤਰਜੀਹ ਨੂੰ ਉਜਾਗਰ ਕੀਤਾ। ਉਨ੍ਹਾਂ ਸਿਹਤ ਵਿਭਾਗ ਨੂੰ ਕਿਹਾ ਕਿ ਉਹ ਅਜਿਹੇ ਹੋਰ ਲੋਕ ਸੰਪਰਕ ਪ੍ਰੋਗਰਾਮ ਸ਼ੁਰੂ ਕਰਨ ਤਾਂ ਜੋ ਲੋਕਾਂ ਨੂੰ ਰੋਕਥਾਮ ਦੇ ਉਪਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਮੰਤਰੀ ਨੇ ਬੈਂਕ ਆਫ਼ ਬੜੌਦਾ ਦਾ ਧੰਨਵਾਦ ਕੀਤਾ, ਜਿਸ ਵਲੋਂ ਵਿਭਾਗ ਨੂੰ 2 ਵੈਨਾਂ ਲਈ ਸੇਵਾਵਾਂ ਪ੍ਰਦਾਨ ਕਰਕੇ ਮੁਹਿੰਮ ‘ਚ ਯੋਗਦਾਨ ਪਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਸਕੱਤਰ ਸਿਹਤ ਡਾ. ਅਦਾਪਾ ਕਾਰਤਿਕ, ਸੀ. ਈ. ਓ. ਸਟੇਟ ਹੈਲਥ ਏਜੰਸੀ ਬਬੀਤਾ ਕਲੇਰ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਆਦਰਸ਼ਪਾਲ ਕੌਰ, ਡਿਪਟੀ ਡਾਇਰੈਕਟਰ ਡਾ. ਸ਼ਰਨਜੀਤ ਕੌਰ, ਡੀ. ਜੀ. ਐੱਮ. ਬੈਂਕ ਆਫ਼ ਬੜੌਦਾ ਰਾਜੇਸ਼ ਕੁਮਾਰ ਸ਼ਰਮਾ, ਬੈਂਕ ਆਫ਼ ਬੜੌਦਾ ਦੇ ਖੇਤਰੀ ਮੁਖੀ ਪਰਦੀਪ ਕੁਮਾਰ ਯਾਦਵ ਹਾਜ਼ਰ ਸਨ।

Add a Comment

Your email address will not be published. Required fields are marked *