ਜਾਵੇਦ ਅਖਤਰ ਖ਼ਿਲਾਫ਼ ਅਪਰਾਧਿਕ ਧਮਕੀ ਦਾ ਮਾਮਲਾ ਚਲਾਉਣ ਲਈ ਲੋੜੀਂਦਾ ਆਧਾਰ
July 28, 2023
![](http://mehakewattan.com/wp-content/uploads/2023/07/2023_7image_11_48_479822097javed-ll.jpg)
ਮੁੰਬਈ – ਮੁੰਬਈ ਦੀ ਇਕ ਅਦਾਲਤ ਨੇ ਅਦਾਕਾਰਾ ਕੰਗਨਾ ਰਣੌਤ ਵਲੋਂ ਦਾਇਰ ਮਾਮਲੇ ’ਚ ਗੀਤਕਾਰ ਜਾਵੇਦ ਅਖਤਰ ਨੂੰ ਸੰਮਨ ਜਾਰੀ ਕਰਦਿਆਂ ਕਿਹਾ ਕਿ ਅਪਰਾਧਿਕ ਧਮਕੀ ਦੇ ਅਪਰਾਧ ’ਚ ਉਨ੍ਹਾਂ ਖ਼ਿਲਾਫ਼ ਕਾਰਵਾਈ ਅੱਗੇ ਵਧਾਉਣ ਲਈ ਲੋੜੀਂਦਾ ਆਧਾਰ ਹੈ। ਅਦਾਲਤ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਖ਼ਿਲਾਫ਼ ਵਸੂਲੀ ਦੇ ਦੋਸ਼ਾਂ ਦਾ ਕੋਈ ਮਾਮਲਾ ਨਹੀਂ ਬਣਦਾ ਹੈ। ਮੈਟਰੋਪਾਲਿਟਨ ਮੈਜਿਸਟ੍ਰੇਟ (ਅੰਧੇਰੀ ਅਦਾਲਤ) ਆਰ. ਐੱਮ. ਸ਼ੇਖ ਨੇ 24 ਜੁਲਾਈ ਨੂੰ ਅਖਤਰ ਖ਼ਿਲਾਫ਼ ਸੰਮਨ ਜਾਰੀ ਕਰਦਿਆਂ ਉਨ੍ਹਾਂ ਨੂੰ 5 ਅਗਸਤ ਨੂੰ ਅਦਾਲਤ ’ਚ ਪੇਸ਼ ਹੋਣ ਲਈ ਕਿਹਾ ਹੈ। ਰਣੌਤ ਨੇ ‘ਵਸੂਲੀ ਤੇ ਅਪਰਾਧਿਕ ਧਮਕੀ’ ਲਈ ਅਖਤਰ ਖ਼ਿਲਾਫ਼ ਇਕ ਸ਼ਿਕਾਇਤ ਦਰਜ ਕਰਵਾਈ ਸੀ।
ਅਦਾਕਾਰਾ ਨੇ ਅਖਤਰ ਖ਼ਿਲਾਫ਼ ਆਪਣੀ ਸ਼ਿਕਾਇਤ ’ਚ ਕਿਹਾ ਕਿ ਆਪਣੇ ਇਕ ਸਾਥੀ ਕਲਾਕਾਰ ਨਾਲ ਜਨਤਕ ਵਿਵਾਦ ਤੋਂ ਬਾਅਦ ਗੀਤਕਾਰ ਨੇ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਭੈਣ ਰੰਗੋਲੀ ਚੰਦੇਲ ਨੂੰ ਮਾੜੀ ਭਾਵਨਾ ਦੇ ਇਰਾਦੇ ਤੇ ਗਲਤ ਉਦੇਸ਼ ਨਾਲ ਆਪਣੇ ਘਰ ਬੁਲਾਇਆ ਤੇ ਫਿਰ ਉਨ੍ਹਾਂ ਨੂੰ ਅਪਰਾਧਿਕ ਧਮਕੀ ਦਿੱਤੀ ਸੀ।