ਮਣੀਪੁਰ ਹਿੰਸਾ ਵਿਰੁੱਧ ਮਿਜ਼ੋਰਮ ’ਚ ਸੜਕਾਂ ’ਤੇ ਉਤਰੇ ਹਜ਼ਾਰਾਂ ਲੋਕ

ਆਈਜ਼ੋਲ, – ਨਸਲੀ ਹਿੰਸਾ ਨਾਲ ਜੂਝ ਰਹੇ ਮਣੀਪੁਰ ’ਚ ‘ਜ਼ੋ’ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਮੰਗਲਵਾਰ ਮਿਜ਼ੋਰਮ ਵਿੱਚ ਹਜ਼ਾਰਾਂ ਲੋਕਾਂ ਨੇ ਵਿਖਾਵਾ ਕੀਤਾ। ‘ਸੈਂਟਰਲ ਯੰਗ ਮਿਜ਼ੋ ਐਸੋਸੀਏਸ਼ਨ’ ਅਤੇ ‘ਮਿਜ਼ੋ ਜਿਰਲਾਈ ਪਵਲ’ ਸਮੇਤ ਪੰਜ ਪ੍ਰਮੁੱਖ ਸਿਵਲ ਸੁਸਾਇਟੀ ਸੰਗਠਨਾਂ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਰੈਲੀਆਂ ਕੀਤੀਆਂ।

ਮੁੱਖ ਮੰਤਰੀ ਜ਼ੋਰਮਥੰਗਾ, ਉਪ ਮੁੱਖ ਮੰਤਰੀ ਤਵਨਲੁਈਆ, ਸੂਬੇ ਦੀਆਂ ਵੱਖ-ਵੱਖ ਪਾਰਟੀਆਂ ਦੇ ਵਿਧਾਇਕਾਂ ਨੇ ਆਈਜ਼ੋਲ ਵਿੱਚ ਵਿਸ਼ਾਲ ਰੋਸ ਰੈਲੀ ਵਿੱਚ ਹਿੱਸਾ ਲਿਆ। ਇਸ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਰੈਲੀ ਦੇ ਹੱਕ ਵਿੱਚ ਸੱਤਾਧਾਰੀ ਮਿਜ਼ੋ ਨੈਸ਼ਨਲ ਪਾਰਟੀ ਦੇ ਦਫ਼ਤਰ ਬੰਦ ਰਹੇ। ਵਿਰੋਧੀ ਪਾਰਟੀਆਂ ਭਾਜਪਾ, ਕਾਂਗਰਸ ਅਤੇ ਜ਼ੋਰਮ ਪੀਪਲਜ਼ ਮੂਵਮੈਂਟ ਨੇ ਵੀ ਆਪਣੇ ਪਾਰਟੀ ਦਫ਼ਤਰ ਬੰਦ ਰੱਖੇ। ਉੱਧਰ ਮਣੀਪੁਰ ਸਰਕਾਰ ਨੇ ਆਸਾਮ ਰਾਈਫਲਸ ਅਤੇ ਸੂਬਾ ਮਸ਼ੀਨੀਰੀ ਨੂੰ ਬਾਇਓਮੈਟ੍ਰਿਕਸ ਲੈਣ ਤੇ ਜੁਲਾਈ ਦੌਰਾਨ ਮਣੀਪੁਰ ਆਏ 718 ਮਿਆਂਮਾਰ ਦੇ ਨਾਜਾਇਜ਼ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੇ ਹੁਕਮ ਦਿੱਤੇ ਹਨ।

ਮਣੀਪੁਰ ਦੇ ਚੂਰਾਚੰਦਪੁਰ ਜ਼ਿਲੇ ’ਚ 3 ਮਈ ਨੂੰ ਸ਼ੁਰੂ ਹੋਈਆਂ ਝੜਪਾਂ ਤੋਂ ਬਾਅਦ ਇਕ 80 ਸਾਲਾ ਔਰਤ ਨੂੰ ਸਾੜਨ, ਕੁਝ ਔਰਤਾਂ ਦੀ ਨਗਨ ਪਰੇਡ ਕਰਨ ਅਤੇ ਨੌਜਵਾਨਾਂ ਨੂੰ ਜ਼ਿੰਦਾ ਸਾੜਨ ਸਮੇਤ ਕਈ ਹੈਰਾਨ ਕਰਨ ਵਾਲੇ ਵੀਡੀਓਜ਼ ਵਾਇਰਲ ਹੋਏ ਸਨ।
ਇਨ੍ਹਾਂ ਵਾਇਰਲ ਵੀਡੀਓਜ਼ ’ਚੋਂ ਕੁਝ ਸਹੀ ਨਹੀਂ ਹਨ, ਜਿਸ ’ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਅਨੁਸਾਰ ਛੋਟੀਆਂ ਬੱਚੀਆਂ ਸਮੇਤ ਸਕੂਲੀ ਬੱਚਿਆਂ ਦੇ ਅਗਵਾ ਅਤੇ ਕਤਲ ਦੀਆਂ ਭਿਆਨਕ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਹਨ। ਵੱਖ-ਵੱਖ ਲੋਕਾਂ ਵੱਲੋਂ 6,000 ਤੋਂ ਵੱਧ ਐਫ. ਆਈ. ਆਰਜ਼. ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ’ਚ ਜਬਰ-ਜ਼ਨਾਹ ਦਾ ਇੱਕ ਕੇਸ ਵੀ ਸ਼ਾਮਲ ਹੈ। ਬਿਨਾਂ ਕੱਪੜਿਆਂ ਤੋਂ ਦੋ ਔਰਤਾਂ ਦੀ ਪਰੇਡ ਕਰਨ ਦੇ ਮਾਮਲੇ ਵਿੱਚ ਹੁਣ ਤੱਕ ਇੱਕ ਨਾਬਾਲਗ ਸਮੇਤ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Add a Comment

Your email address will not be published. Required fields are marked *