ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੇ ਮਣੀਪੁਰ ‘ਚ ਵਾਪਰੀ ਘਟਨਾ ਦੀ ਕੀਤੀ ਨਿਖੇਧੀ

ਰੋਮ : ਮਣੀਪੁਰ ਦੀ ਘਟਨਾ ਨਾਲ ਇਨਸਾਨੀਅਤ ਹੋਈ ਸ਼ਰਮਸਾਰ ਪਰ ਕੀ ਕੀਤਾ ਜਾਵੇ। ਸ਼ੋਸ਼ਲ ਮੀਡੀਆ ਰਾਹੀਂ ਜੰਗਲ ਦੀ ਅੱਗ ਵਾਂਗ ਫੈਲੀ ਦਰਿੰਦਗੀ ਦੇ ਨੰਗੇ ਨਾਚ ਦੀ ਖ਼ਬਰ ਤੇ ਵੀਡੀਓ ਨੇ ਹਰ ਭਾਰਤੀ ਦਾ ਸਿਰ ਨੀਵਾਂ ਕੀਤਾ ਹੈ। ਇਸ ਨਿੰਦਣਯੋਗ ਮੰਦਭਾਗੀ ਘਟਨਾ ਨਾਲ ਮਾਰੀ ਗਈ ਇਨਸਾਨੀਅਤ ਲਈ 2 ਮਿੰਟ ਦਾ ਮੌਨ ਧਾਰਨ ਕਰਨ ਉਪੰਰਤ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਨ ਦੇ ਨਾਨ-ਨਾਲ ਇਟਾਲੀਅਨ ਪੱਤਰਕਾਰ ਭਾਈਚਾਰੇ ਨੇ ਕਿਹਾ ਕਿ ਮਹਾਨ ਭਾਰਤ ਦੀ ਇਸ ਤਾਜ਼ਾ ਖ਼ਬਰ ਨੇ ਭਾਰਤੀ ਨਾਰੀ ਅੰਦਰ ਹੋਰ ਡਰ ਅਤੇ ਸਹਿਮ ਪੈਦਾ ਕਰ ਦਿੱਤਾ। ਇਹ ਡਰਾਉਣੀ ਤੇ ਸ਼ਰਮਨਾਕ ਘਟਨਾ ਰਾਜਧਾਨੀ ਇੰਫਾਲ ਤੋਂ ਕਰੀਬ 35 ਕਿਲੋਮੀਟਰ ਦੂਰ ਕੰਗਪੋਕਪੀ ਜ਼ਿਲ੍ਹੇ ਦੀ ਹੈ ਜਿੱਥੇ 2 ਔਰਤਾਂ ਨੂੰ ਨਿਰਵਸਤਰ ਕਰਕੇ ਸੜਕਾਂ ਤੇ ਘੁੰਮਾਇਆ ਗਿਆ ਅਤੇ ਬਾਅਦ ਵਿੱਚ ਖੇਤਾਂ ਵਿੱਚ ਲਿਜਾ ਕੇ ਸਮੂਹਿਕ ਬਲਾਤਕਾਰ ਕੀਤਾ ਗਿਆ। 

ਨਸ਼ਰ ਜਾਣਕਾਰੀ ਅਨੁਸਾਰ ਕੰਗਪੋਕਪੀ ਜ਼ਿਲ੍ਹੇ ਦੇ ਬੀਕੇ ਪਿੰਡ ਵਿਚ ਬੀਤੀ 4 ਮਈ ਨੂੰ ਕਰੀਬ 800 ਬੰਦਿਆਂ ਨੇ ਇਕੱਠੇ ਹੋ ਕੇ ਪਹਿਲਾਂ ਖੂਬ ਲੁੱਟ ਖੋਹ ਕੀਤੀ ਅਤੇ ਫਿਰ ਘਰਾਂ ਨੂੰ ਅੱਗ ਲਗਾ ਦਿੱਤੀ। ਇਹ ਹਮਲਾਵਰ ਮੈਤਈ ਕਬੀਲੇ ਦੇ ਸਨ ਜੋ ਘਾਤਕ ਹਥਿਆਰਾਂ ਨਾਲ ਲੈਸ ਸਨ। ਹਮਲਾਵਰਾਂ ਤੋਂ ਡਰਕੇ ਕਈ ਲੋਕ ਜੰਗਲਾਂ ਵੱਲ ਭੱਜ ਗਏ ਅਤੇ ਕਈਆਂ ਨੂੰ ਜਾਨੋਂ ਮਾਰ ਮਾਰ ਦਿੱਤਾ ਗਿਆ। ਦਰਿੰਦਗੀ ਦਾ ਨੰਗਾ ਨਾਚ ਕਰਦੇ ਇਨ੍ਹਾਂ ਹਵਾਨਾ ਦੀ ਇਸ ਘਟੀਆ ਕਰਤੂਤ ਨੇ ਸਮੁੱਚੇ ਭਾਰਤ ਨੂੰ ਸ਼ਰਮਸਾਰ ਕਰ ਦਿੱਤਾ। ਇਕ ਪਾਸੇ ਦੇਸ਼ ਦਾ ਪ੍ਰਧਾਨ ਮੰਤਰੀ ਵਿਸ਼ਵਗੁਰੂ ਬਣਨ ਲਈ ਅੱਡੀ ਚੋਟੀ ਦਾ ਜੋਰ ਲਾ ਰਿਹਾ, ਦੂਜੇ ਪਾਸੇ ਦੇਸ਼ ਦੀ ਕਾਨੂੰਨ ਵਿਵਸਥਾ ਇਸ ਕਦਰ ਡਗਮਗਾਈ ਹੋਈ ਕਿ ਕਦੋਂ ਕੀ ਭਾਣਾ ਵਰਤ ਜਾਏ ਕੁਝ ਵੀ ਕਿਹਾ ਨਹੀਂ ਜਾ ਸਕਦਾ। ਕਲੱਬ ਨੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।

Add a Comment

Your email address will not be published. Required fields are marked *