ਨਿਊਜ਼ੀਲੈਂਡ ‘ਚ ਭਾਰਤੀ ਮੂਲ ਦਾ ਸ਼ਖਸ ਲੜੇਗਾ ਆਮ ਚੋਣਾਂ

ਕਿੱਤੇ, ਨੌਕਰੀ ਅਤੇ ਕਾਰੋਬਾਰ ਲਈ ਵਿਦੇਸ਼ਾਂ ਵਿਚ ਗਏ ਭਾਰਤੀ ਉੱਥੇ ਉੱਚੇ ਅਹੁਦੇ ਹਾਸਲ ਕਰ ਰਹੇ ਹਨ। ਇਸ ਦੇ ਨਾਲ ਹੀ ਭਾਰਤੀ ਉੱਥੇ ਦੀ ਰਾਜਨੀਤੀ ਵਿੱਚ ਵੀ ਆਪਣੀ ਤਾਕਤ ਦਿਖਾ ਰਹੇ ਹਨ। ਹਾਲ ਹੀ ‘ਚ ਨਿਊਜ਼ੀਲੈਂਡ ‘ਚ ਹੋਣ ਵਾਲੀਆਂ 2023 ਦੀਆਂ ਆਮ ਚੋਣਾਂ ‘ਚ ਇਕ ਭਾਰਤੀ ਚੋਣ ਲੜਨ ਜਾ ਰਿਹਾ ਹੈ। ਉਹ ਆਂਧਰਾ ਪ੍ਰਦੇਸ਼ ਤੋਂ ਹੈ ਜਿਸ ਦਾ ਨਾਮ ਸਿਵਾ ਕਿਲਾਰੀ ਹੈ, ਜੋ ਆਗਾਮੀ ਆਮ ਚੋਣਾਂ ਵਿੱਚ ਮਨੂਰੇਵਾ ਹਲਕੇ ਤੋਂ ਨੈਸ਼ਨਲ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੇਗਾ।

ਸਿਵਾ ਉੱਥੇ ਯੂਨੀਵਰਸਲ ਗ੍ਰੇਨਾਈਟ ਅਤੇ ਮਾਰਬਲ ਦਾ ਮਾਲਕ ਹੈ। ਉਹ ਬੈਂਚਟੌਪ ਸਟੋਨ ਦਾ ਪ੍ਰਬੰਧਨ ਵੀ ਕਰਦਾ ਹੈ। ਉਹ 2002 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਨਿਊਜ਼ੀਲੈਂਡ ਗਿਆ ਅਤੇ ਵੱਖ-ਵੱਖ ਉਦਯੋਗਾਂ ਵਿੱਚ ਕੰਮ ਕੀਤਾ। ਇਸ ਦੇ ਨਾਲ ਹੀ ਸਿਵਾ ਦੱਖਣੀ ਆਕਲੈਂਡ ਦੀਆਂ ਕਈ ਕਮਿਊਨਿਟੀ ਸੰਸਥਾਵਾਂ ਵਿੱਚ ਸਰਗਰਮੀ ਨਾਲ ਸ਼ਾਮਲ ਸੀ। ਸਿਵਾ ਕਿਲਾਰੀ ਨੇ ਚੋਣ ਲੜਨ ਬਾਰੇ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਉਹ ਮਨੂਰੇਵਾ ਤੋਂ ਚੋਣ ਲੜ ਕੇ ਖੁਸ਼ ਹੈ।

ਸਿਵਾ ਨੇ ਕਿਹਾ ਕਿ ਉਹ ਸਮਾਜ ਦੇ ਨਾਲ ਖੜ੍ਹੇ ਹੋਣ ਨੂੰ ਤਰਜੀਹ ਦੇਵੇਗਾ। ਪੂਰਬੀ ਤੱਟ ‘ਤੇ ਹੋਏ ਭਾਰੀ ਨੁਕਸਾਨ ਦਾ ਜ਼ਿਕਰ ਕਰਦੇ ਹੋਏ ਉਸ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਬਾਰੇ ਵੀ ਸੋਚ ਰਿਹਾ ਹੈ, ਜੋ ਇਸ ਦਾ ਸਾਹਮਣਾ ਕਰ ਰਹੇ ਹਨ। ਸਿਵਾ ਨੇ 20 ਸਾਲ ਪਹਿਲਾਂ ਦੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ, ਜਦੋਂ ਉਹ ਭਾਰਤ ਤੋਂ ਨਿਊਜ਼ੀਲੈਂਡ ਆਇਆ ਸੀ ਅਤੇ ਉਸ ਨੇ ਸੁਪਰਮਾਰਕੀਟ ਕਲੀਨਰ ਅਤੇ ਪਿੱਜ਼ਾ ਡਿਲੀਵਰੀ ਡਰਾਈਵਰ ਵਜੋਂ ਕੰਮ ਕੀਤਾ। ਉਸ ਨੇ ਕਿਹਾ ਕਿ ਉਹ ਦੇਸ਼ ਲਈ ਕੁਝ ਕਰਨਾ ਚਾਹੁੰਦਾ ਹੈ, ਜਿਸ ਨੇ ਉਸ ਨੂੰ ਬਹੁਤ ਕੁਝ ਦਿੱਤਾ ਹੈ। ਸਿਵਾ ਨੇ ਚਿੰਤਾ ਪ੍ਰਗਟ ਕੀਤੀ ਕਿ ਮਜ਼ਦੂਰਾਂ ਦਾ ਵਿੱਤੀ ਸੰਕਟ ਮਨੂਰੇਵਾ ਵਿੱਚ ਪਰਿਵਾਰਾਂ ਲਈ ਮੁਸ਼ਕਲਾਂ ਦਾ ਕਾਰਨ ਬਣ ਰਿਹਾ ਹੈ।

ਇੱਕ ਕਾਰੋਬਾਰੀ ਮਾਲਕ ਹੋਣ ਦੇ ਨਾਤੇ ਸਿਵਾ ਨੇ ਵਾਅਦਾ ਕੀਤਾ ਕਿ ਉਹ ਆਰਥਿਕਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗਾ। ਇੱਥੇ ਦੱਸ ਦਈਏ ਕਿ ਆਂਧਰਾ ਪ੍ਰਦੇਸ਼ ਵਿੱਚ ਸਿਵਾ ਕਿਲਾਰੀ ਦਾ ਜਨਮ ਰਾਇਲਸੀਮਾ ਵਿੱਚ ਹੋਇਆ ਅਤੇ ਉੱਥੇ ਹੀ ਉਸ ਦਾ ਪਾਲਣ ਪੋਸ਼ਣ ਹੋਇਆ। ਸਿਵਾ ਨੇ ਮਦਰਾਸ ਯੂਨੀਵਰਸਿਟੀ ਤੋਂ ਗਣਿਤ ਵਿੱਚ ਵਿਗਿਆਨ ਦੀ ਡਿਗਰੀ ਕੀਤੀ। ਸਿਵਾ 2002 ਵਿੱਚ ਨਿਊਜ਼ੀਲੈਂਡ ਗਿਆ। ਇੱਥੇ ਉਸ ਨੇ ਯੂਸੀਓਐਲ ਤੋਂ ਬਿਜ਼ਨਸ ਦਾ ਡਿਪਲੋਮਾ ਅਤੇ ਯੂਨੀਟੈਕ ਤੋਂ ਆਟੋਮੋਟਿਵ ਇੰਜੀਨੀਅਰਿੰਗ ਕੀਤੀ।

Add a Comment

Your email address will not be published. Required fields are marked *