ਨਾਗਾ ਗੁੱਟਾਂ ਨੇ ਔਰਤਾਂ ਲਈ ਫੌਰੀ ਇਨਸਾਫ਼ ਮੰਗਿਆ

ਇੰਫਾਲ, 22 ਜੁਲਾਈ- ਮਨੀਪੁਰ ’ਚ ਕਈ ਨਾਗਾ ਜਥੇਬੰਦੀਆਂ ਨੇ ਭੀੜ ਵੱਲੋਂ ਦੋ ਔਰਤਾਂ ਦੀ ਨਗਨ ਪਰੇਡ ਦੇ ਮਾਮਲੇ ਨੂੰ ਅਣਮਨੁੱਖੀ ਕਾਰਾ ਕਰਾਰ ਦਿੰਦਿਆਂ ਮੰਗ ਕੀਤੀ ਹੈ ਕਿ ਇਹ ਕੇਸ ਫਾਸਟ ਟਰੈਕ ਅਦਾਲਤ ’ਚ ਚਲਾ ਕੇ ਫੌਰੀ ਇਨਸਾਫ਼ ਦਿੱਤਾ ਜਾਵੇ। ਯੂਨਾਈਟਿਡ ਨਾਗਾ ਕਾਊਂਸਿਲ (ਯੂਐੱਨਸੀ), ਆਲ ਨਾਗਾ ਸਟੂਡੈਂਟਸ ਐਸੋਸੀਏਸ਼ਨ ਮਨੀਪੁਰ ਅਤੇ ਨਾਗਾ ਪੀਪਲਜ਼ ਫਰੰਟ ਨੇ ਇਸ ਘਟਨਾ ਦੀ ਤਿੱਖੀ ਆਲੋਚਨਾ ਕੀਤੀ ਹੈ। ਮਾਹਿਰਾਂ ਮੁਤਾਬਕ ਨਾਗਾ ਜਥੇਬੰਦੀਆਂ ਵੱਲੋਂ ਘਟਨਾ ਦੀ ਤਿੱਖੀ ਨਿਖੇਧੀ ਤੋਂ ਸੰਕੇਤ ਮਿਲਦਾ ਹੈ ਕਿ ਉਹ ਮਨੀਪੁਰ ’ਚ ਸ਼ਾਂਤੀ ਲਿਆਉਣ ’ਚ ਭੂਮਿਕਾ ਨਿਭਾਉਣੀ ਚਾਹੁੰਦੇ ਹਨ। ਉਧਰ ਚੂਰਾਚਾਂਦਪੁਰ ’ਚ ਵਿਰੋਧ ਰੈਲੀਆਂ ਹੋਈਆਂ ਜਿਸ ’ਚ ਮੰਗ ਕੀਤੀ ਗਈ ਕਿ ਕੁਕੀ ਇਲਾਕਿਆਂ ਲਈ ਵੱਖਰਾ ਪ੍ਰਸ਼ਾਸਨ ਬਣਾਇਆ ਜਾਵੇ। ਉਂਜ ਕਈ ਵਰਗਾਂ ਨੇ ਇਸ ਮੰਗ ਦਾ ਵਿਰੋਧ ਕੀਤਾ ਹੈ। ਉਧਰ ਮੇਘਾਲਿਆ ਮਹਿਲਾ ਕਮਿਸ਼ਨ ਨੇ ਕੇਂਦਰ ਅਤੇ ਮਨੀਪੁਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਹਿਲਾਵਾਂ ਨਾਲ ਬਦਸਲੂਕੀ ਮਾਮਲੇ ’ਚ ਦੋਸ਼ੀਆਂ ਖ਼ਿਲਾਫ਼ ਫੌਰੀ ਸਖ਼ਤ ਕਾਰਵਾਈ ਕੀਤੀ ਜਾਵੇ। ਕਮਿਸ਼ਨ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਿੰਸਾ ਦੇ ਸਾਰੇ ਪੀੜਤਾਂ ਨੂੰ ਲੋੜੀਂਦੀ ਸਹਾਇਤਾ ਅਤੇ ਮੁੜ ਵਸੇਬਾ ਮੁਹੱਈਆ ਕਰਵਾਏ। ਕਮਿਸ਼ਨ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਸੁਪਰੀਮ ਕੋਰਟ ਵੱਲੋਂ ਘਟਨਾ ਦਾ ਨੋਟਿਸ ਲਏ ਜਾਣ ’ਤੇ ਤਸੱਲੀ ਜਤਾਈ ਹੈ। ਇਸ ਦੌਰਾਨ ਗੁਜਰਾਤ ਦੇ ਆਦਿਵਾਸੀਆਂ ਨੇ ਭਲਕੇ ਬੰਦ ਦਾ ਐਲਾਨ ਕੀਤਾ ਹੈ। ਕਾਂਗਰਸ ਨੇ ਬੰਦ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਆਦਿਵਾਸੀ ਏਕਤਾ ਮੰਚ ਸਮੇਤ ਕਈ ਆਦਿਵਾਸੀ ਜਥੇਬੰਦੀਆਂ ਨੇ ਗੁਜਰਾਤ ਦੇ ਆਦਿਵਾਸੀ ਆਬਾਦੀ ਵਾਲੇ ਇਲਾਕਿਆਂ ’ਚ ਬੰਦ ਦਾ ਸੱਦਾ ਦਿੱਤਾ ਹੈ।

Add a Comment

Your email address will not be published. Required fields are marked *