CBSE ਵੱਲੋਂ ਪੰਜਾਬੀ ਸਣੇ 22 ਭਾਸ਼ਾਵਾਂ ਵਿਚ ਸਿੱਖਿਆ ਲੈ ਸਕਣਗੇ ਵਿਦਿਆਰਥੀ

ਨਵੀਂ ਦਿੱਲੀ : CBSE ਵੱਲੋਂ ਇਤਿਹਾਸਕ ਫ਼ੈਸਲਾ ਲੈਂਦਿਆਂ 12ਵੀਂ ਤਕ ਦੀ ਪੜ੍ਹਾਈ ਮਾਂ ਬੋਲੀ ਵਿਚ ਕਰਵਾਉਣ ਦੀ ਯੋਜਨਾਬੰਦੀ ਕੀਤੀ ਜਾ ਰਹੀ ਹੈ। ਕੇਂਦਰੀ ਸਿੱਖਿਆ ਮਤੰਰੀ ਧਰਮਿੰਦਰ ਪ੍ਰਧਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਭਰ ਦੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਦੇ ਸਕੂਲਾਂ ਵਿਚ ਖੇਤਰੀ ਭਾਸ਼ਾਵਾਂ ਰਾਹੀਂ ਵੀ ਪੜ੍ਹਾਇਆ ਜਾਵੇਗਾ। CBSE ਨੇ ਵੀ ਬਹੁਭਾਸ਼ਾਈ ਸਿੱਖਿਆ ਨੂੰ ਹੁਲਾਰਾ ਦੇਣ ਲਈ ਆਪਣੇ ਸਕੂਲਾਂ ਵਿਚ ਬਦਲਵੇਂ ਮਾਧਿਅਮ ਵਜੋਂ ਭਾਰਤੀ ਭਾਸ਼ਾਵਾਂ ਦੀ ਵਤੋਂ ਕਰਨ ‘ਤੇ ਵਿਚਾਰ ਕਰਨ ਨੂੰ ਕਿਹਾ ਹੈ। ਸਿੱਖਿਆ ਮੰਤਰਾਲੇ ਤੇ NSERT ਵੱਲੋਂ ਕੌਮੀ ਸਿੱਖਿਆ ਨੀਤੀ 2020 ਦੇ ਤਹਿਤ ਕਈ ਭਾਸ਼ਾਵਾਂ ਵਿਚ ਸਿੱਖਿਆ ਮੁਹੱਈਆ ਕਰਵਾਉਣ ਦੇ ਉਪਾਅ ਕੀਤੇ ਗਏ ਹਨ, ਜਿਸ ਮਗਰੋਂ ਸੀ.ਬੀ.ਐੱਸ.ਈ. ਨੇ ਆਪਣੇ ਸਕੂਲਾਂ ਨੂੰ ਮੌਜੂਦਾ ਸਰੋਤਾਂ ਦੀ ਵਰਤੋਂ ਕਰਨ ਤੇ ਉਸ ਨੂੰ ਬਹੁਭਾਸ਼ਾਈ ਸਿੱਖਿਆ ਲਈ ਅਨੁਕੂਲ ਬਣਾਉਣ ਲਈ ਇਕ ਦੂਜੇ ਦਾ ਸਹਿਯੋਗ ਕਰਨ ਨੂੰ ਕਿਹਾ ਹੈ। 

ਦੱਸ ਦਈਏ ਕਿ ਅਗਲੇ ਸੈਸ਼ਨ ਤੋਂ ਹੀ 12ਵੀਂ ਤਕ ਦੀ ਪੜ੍ਹਾਈ ਦੀਆਂ ਕਿਤਾਬਾਂ ਨੂੰ ਭਾਰਤ ਦੀਆਂ 22 ਸੂਚੀਬੱਧ ਭਾਸ਼ਾਵਾਂ ਵਿਚ ਮੁਹੱਈਆ ਕਰਵਾਉਣ ਦੀ ਯੋਜਨਾ ਹੈ। ਸਿੱਖਿਆ ਮੰਤਰਾਲੇ ਮੁਤਾਬਕ, ਸਕੂਲਾਂ ਵਿਚ ਪੜ੍ਹਾਈਆਂ ਜਾਣ ਵਾਲੀਆਂ NCERT ਦੀਆਂ ਕਿਤਾਬਾਂ ਨੂੰ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਵਿਚ ਮੁਹੱਈਆ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਿੱਖਿਆ ਮੰਤਰਾਲੇ ਮੁਤਾਬਕ, ਇਨ੍ਹਾਂ ਕਿਤਾਬਾਂ ਨੂੰ ਭਾਰਤ ਦੀਆਂ 22 ਵੱਖ-ਵੱਖ ਭਾਸ਼ਾਵਾਂ ਵਿਚ ਮੁਹੱਈਆ ਕਰਵਾਏ ਜਾਣ ਦੀ ਯੋਜਨਾ ਬਣਾਈ ਗਈ ਹੈ। ਇਸ ਸਬੰਧੀ ਲੋੜੀਂਦੇ ਦਿਸ਼ਾ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। 

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ CBSE ਦੇ ਸਕੂਲਾਂ ਵਿਚ ਹਿੰਦੀ ਦੇ ਨਾਲ-ਨਾਲ ਖੇਤਰੀ ਭਾਸ਼ਾਵਾਂ ਵਿਚ ਵੀ ਪੜ੍ਹਾਇਆ ਜਾਵੇਗਾ। ਪ੍ਰਧਾਨ ਨੇ ਕਿਹਾ ਕਿ ਸੀ.ਬੀ.ਐੱਸ.ਈ ਨੇ ਸ਼ੁੱਕਰਵਾਰ ਨੂੰ ਇਸ ਸਬੰਧ ਵਿਚ ਇਕ ਸਰਕੂਲਰ ਜਾਰੀ ਕੀਤਾ ਹੈ ਅਤੇ ਆਪਣੇ ਸਕੂਲਾਂ ਵਿਚ ਖੇਤਰੀ ਭਾਸ਼ਾਵਾਂ ਨੂੰ ਸਿੱਖਿਆ ਦੇ ਮਾਧਿਅਮ ਵਜੋਂ ਵਰਤਣ ਦੀ ਇਜਾਜ਼ਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੋ ਵਿਦਿਆਰਥੀ ਆਪਣੀ ਮਾਂ ਬੋਲੀ ਵਿਚ ਪੜ੍ਹਦੇ ਹਨ, ਉਹ ਉਸ ਵਿਸ਼ੇ ਨੂੰ ਹਿੰਦੀ ਜਾਂ ਅੰਗਰੇਜ਼ੀ ਨਾਲੋਂ ਬਿਹਤਰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਐੱਨ.ਸੀ.ਈ.ਆਰ.ਟੀ. ਨੂੰ ਵੀ ਉਸ ਅਨੁਸਾਰ ਪਾਠ ਪੁਸਤਕਾਂ ਤਿਆਰ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤਰੀ ਭਾਸ਼ਾਵਾਂ ਵਿਚ ਸਿੱਖਿਆ ਦੇਣ ਅਤੇ ਪ੍ਰੀਖਿਆਵਾਂ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਪ੍ਰਧਾਨ ਨੇ ਟਵੀਟ ਕਰ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਮਹੱਤਵ ਦਿੰਦੀ ਹੈ ਕਿਉਂਕਿ ਉਨ੍ਹਾਂ ਦੀ ਮਾਤ ਭਾਸ਼ਾ ਵਿਚ ਪੜ੍ਹਨਾ ਵਿਦਿਆਰਥੀਆਂ ਨੂੰ ਕਿਸੇ ਵੀ ਵਿਸ਼ੇ ‘ਤੇ ਸਪੱਸ਼ਟਤਾ ਪ੍ਰਾਪਤ ਕਰਨ ਵਿਚ ਮਦਦ ਕਰੇਗਾ।

Add a Comment

Your email address will not be published. Required fields are marked *