ਸੜਕ ਤੋਂ ਫਿਸਲ ਕੇ ਤਾਲਾਬ ‘ਚ ਡਿੱਗੀ ਬੱਸ, 17 ਯਾਤਰੀਆਂ ਦੀ ਮੌਤ

ਢਾਕਾ – ਬੰਗਲਾਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਸ਼ਨੀਵਾਰ ਨੂੰ ਇੱਕ ਬੱਸ ਦੇ ਸੜਕ ਤੋਂ ਫਿਸਲ ਕੇ ਇੱਕ ਤਾਲਾਬ ਵਿੱਚ ਡਿੱਗਣ ਕਾਰਨ ਘੱਟੋ-ਘੱਟ 17 ਯਾਤਰੀਆਂ ਦੀ ਮੌਤ ਹੋ ਗਈ ਅਤੇ ਇੱਕ ਦਰਜਨ ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਝਾਲਾਕਾਠੀ ਜ਼ਿਲ੍ਹੇ ‘ਚ ਉਸ ਸਮੇਂ ਵਾਪਰਿਆ, ਜਦੋਂ 60 ਯਾਤਰੀਆਂ ਨੂੰ ਲੈ ਕੇ ਬੱਸ ਭੰਡਾਰੀਆ ਉਪ-ਜ਼ਿਲ੍ਹੇ ਤੋਂ ਦੱਖਣੀ-ਪੱਛਮੀ ਡਵੀਜ਼ਨ ਦੇ ਹੈੱਡਕੁਆਰਟਰ ਬਾਰੀਸਲ ਜਾ ਰਹੀ ਸੀ। ਉਸ ਨੇ ਦੱਸਿਆ ਕਿ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਜਿਸ ਤੋਂ ਬਾਅਦ ਬੱਸ ਫਿਸਲ ਕੇ ਛੱਪੜ ਵਿੱਚ ਜਾ ਡਿੱਗੀ।

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ, ”ਗੋਤਾਖੋਰਾਂ ਨੇ 17 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਪੁਲਸ ਕਰੇਨ ਦੀ ਮਦਦ ਨਾਲ ਬੱਸ ਨੂੰ ਤਾਲਾਬ ‘ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਰੀ ਮੀਂਹ ਕਾਰਨ ਤਾਲਾਬ ਪਾਣੀ ਨਾਲ ਨੱਕੋ-ਨੱਕ ਭਰਿਆ ਹੋਇਆ ਹੈ।” ਪੁਲਸ ਸਬ-ਇੰਸਪੈਕਟਰ ਗੌਤਮ ਕੁਮਾਰ ਘੋਸ਼ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ 8 ਔਰਤਾਂ ਅਤੇ 3 ਬੱਚੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਬੱਸ ਅੰਦਰੋਂ ਹੋਰ ਲਾਸ਼ਾਂ ਮਿਲ ਸਕਦੀਆਂ ਹਨ।

20 ਹੋਰ ਯਾਤਰੀ ਝਾਲਾਕਾਠੀ ਦੇ ਮੁੱਖ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਮੰਨਿਆ ਜਾ ਰਿਹਾ ਹੈ ਕਿ ਬੱਸ ਵਿੱਚ 65 ਯਾਤਰੀ ਸਵਾਰ ਸਨ। ਹਾਦਸੇ ‘ਚ ਜ਼ਖ਼ਮੀ ਹੋਏ 35 ਸਾਲਾ ਯਾਤਰੀ ਰਸੇਲ ਮੁੱਲਾ ਨੇ ਕਿਹਾ, ”ਮੈਂ ਡਰਾਈਵਰ ਸੀਟ ਦੇ ਕੋਲ ਬੈਠਾ ਸੀ। ਡਰਾਈਵਰ ਸ਼ਾਇਦ ਬੱਸ ਚਲਾਉਂਦੇ ਸਮੇਂ ਸੁਚੇਤ ਨਹੀਂ ਸੀ।” ਉਨ੍ਹਾਂ ਕਿਹਾ ਕਿ ਡਰਾਈਵਰ ਲਗਾਤਾਰ ਆਪਣੇ ਸਹਾਇਕ ਨਾਲ ਗੱਲ ਕਰ ਰਿਹਾ ਸੀ ਅਤੇ ਉਸਨੂੰ ਬੱਸ ਵਿਚ ਹੋਰ ਯਾਤਰੀਆਂ ਨੂੰ ਸਵਾਰ ਕਰਨ ਲਈ ਕਹਿ ਰਿਹਾ ਸੀ। ਇਸ ਹਾਦਸੇ ਵਿੱਚ ਮੁੱਲਾ ਦੇ ਪਿਤਾ ਦੀ ਜਾਨ ਚਲੀ ਗਈ, ਜਦਕਿ ਉਸਦਾ ਭਰਾ ਅਜੇ ਲਾਪਤਾ ਹੈ।

Add a Comment

Your email address will not be published. Required fields are marked *