ਪ੍ਰਧਾਨ ਮੰਤਰੀ ਮਜਬੂਰੀ ਵੱਸ 77 ਦਿਨਾਂ ਬਾਅਦ ਮਨੀਪੁਰ ’ਤੇ ਬੋਲੇ: ਪ੍ਰਿਯੰਕਾ

ਗਵਾਲੀਅਰ, 21 ਜੁਲਾਈ-: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਰਾਜ ਵਾਲੇ ਸੂਬੇ ਵਿੱਚ ਬਦਲਾਅ ਦੀ ਇੱਕ ਵੱਡੀ ਲਹਿਰ ਚੱਲ ਰਹੀ ਹੈ। ਉਹ ਅੱਜ ਇੱਥੇ ਮੱਧ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਮੰਤਰੀ ਅਤੇ ਸਾਬਕਾ ਕਾਂਗਰਸ ਨੇਤਾ ਜਯੋਤਿਰਦਿੱਤਿਆ ਸਿੰਧੀਆ ਦੇ ਜੱਦੀ ਹਲਕੇ ਗਵਾਲੀਅਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਪ੍ਰਿਯੰਕਾ ਨੇ ਇੱਥੇ ਸੁਤੰਤਰਤਾ ਸੈਨਾਨੀ ਰਾਣੀ ਲਕਸ਼ਮੀਬਾਈ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।
ਕਾਂਗਰਸ ਨੇਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਹਾਲ ਹੀ ਵਿੱਚ ਉਨ੍ਹਾਂ ਵਿਰੋਧੀ ਧਿਰ ਦੇ ਸੀਨੀਅਰ ਨੇਤਾਵਾਂ ਨੂੰ ਚੋਰ ਦੱਸ ਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ, ‘‘ਮਨੀਪੁਰ ਵਿੱਚ ਖੌਫ਼ਨਾਕ ਅੱਤਿਆਚਾਰ ਹੋਏ। ਸਾਡੇ ਪ੍ਰਧਾਨ ਮੰਤਰੀ ਨੇ 77 ਦਿਨ ਤੱਕ ਕੋਈ ਬਿਆਨ ਨਹੀਂ ਦਿੱਤਾ, ਉਹ ਇੱਕ ਲਫ਼ਜ਼ ਨਾ ਬੋਲੇ। ਇੱਕ ਖੌਫ਼ਨਾਕ ਵੀਡੀਓ ਜਾਰੀ ਹੋਣ ਮਗਰੋਂ ਕੱਲ੍ਹ ਮਜਬੂਰੀ ਵੱਸ ਇੱਕ ਵਾਕ ਨਿਕਲਿਆ। ਇਸ ਵਿੱਚ ਵੀ ਰਾਜਨੀਤੀ ਦਿੱਖਦੀ ਹੈ ਅਤੇ ਉਨ੍ਹਾਂ ਸੂਬਿਆਂ ਦਾ ਨਾਂ ਲਿਆ ਗਿਆ, ਜਿੱਥੇ ਵਿਰੋਧੀ ਧਿਰ ਦੀ ਸਰਕਾਰ ਹੈ।’’ ਪ੍ਰਿਯੰਕਾ ਨੇ ਸੂੁਬੇ ਵਿੱਚ ਕਾਂਗਰਸ ਦੀ ਸਰਕਾਰ ਆਉਣ ’ਤੇ ਪੰਜ ਗਾਰੰਟੀਆਂ ਦੇਣ ਦਾ ਵਾਅਦਾ ਦੁਹਰਾਉਂਦਿਆਂ ਵੋਟਰਾਂ ਨੂੰ ਪਾਰਟੀ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ। ਉਨ੍ਹਾਂ ਮਹਿੰਗਾਈ ਅਤੇ ਖਾਸ ਕਰਕੇ ਟਮਾਟਰ ਦੇ ਵਧੇ ਭਾਅ ਦੇ ਮੁੱਦੇ ’ਤੇ ਕੇਂਦਰ ਦਾ ਘਿਰਾਓ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਦੋ ਕਾਰੋਬਾਰੀ ਹੀ ਮੁਨਾਫਾ ਕਮਾ ਰਹੇ ਹਨ। ਉਨ੍ਹਾਂ ਕਿਹਾ, ‘‘ਇਨ੍ਹਾਂ ਵਿੱਚੋਂ ਇੱਕ 1600 ਕਰੋੜ ਰੁਪਏ ਪ੍ਰਤੀ ਦਿਨ ਕਮਾ ਰਿਹਾ ਹੈ, ਜਦਕਿ ਇੱਕ ਕਿਸਾਨ ਘਰ ਚਲਾਉਣ ਲਈ 27 ਰੁਪਏ ਵੀ ਨਹੀਂ ਬਚਾ ਸਕਦਾ।’’ 

Add a Comment

Your email address will not be published. Required fields are marked *