ਫਿਲਮ ਜਗਤ ’ਚ ਕਰਨ ਜੌਹਰ ਦੇ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾਏਗਾ IFFM

ਮੁੰਬਈ: ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (ਆਈਐੱਫਐੱਫਐੱਮ) ਨੇ ਇਸ ਸਾਲ ਕਰਨ ਜੌਹਰ ਦੇ ਫਿਲਮ ਨਿਰਮਾਤਾ ਵਜੋਂ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਲਈ ਇੱਕ ਵਿਸ਼ੇਸ਼ ਸਮਾਗਮ ਕਰਵਾਉਣ ਦਾ ਐਲਾਨ ਕੀਤਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ 11 ਤੋਂ 20 ਅਗਸਤ ਤੱਕ ਚੱਲਣ ਵਾਲੇ ਇਸ ਸਮਾਗਮ ’ਚ ਕਰਨ ਜੌਹਰ ਦੀਆਂ ਫਿਲਮਾਂ ਦਿਖਾਈਆਂ ਜਾਣਗੀਆਂ। ਜੌਹਰ ਨੇ 1998 ਵਿੱਚ ਫਿਲਮ ‘ਕੁਛ ਕੁਛ ਹੋਤਾ ਹੈ’ ਰਾਹੀਂ ਨਿਰਦੇਸ਼ਕ ਵਜੋਂ ਫਿਲਮ ਜਗਤ ਵਿੱਚ ਪੈਰ ਧਰਾਵਾ ਕੀਤਾ ਸੀ। ਇਸ ਮਗਰੋਂ ਹੌਲੀ ਹੌਲੀ ਉਹ ਭਾਰਤੀ ਫਿਲਮ ਜਗਤ ਦੀ ਮਸ਼ਹੂਰ ਹਸਤੀ ਬਣ ਗਿਆ। ਇਸ ਦੌਰਾਨ 51 ਸਾਲਾ ਫਿਲਮ ਨਿਰਮਾਤਾ ਨੇ ਕਿਹਾ ਕਿ ਉਹ ਆਈਐੱਫਐੱਫਐੱਮ ਦੇ 14ਵੇਂ ਅਡੀਸ਼ਨ ਦਾ ਹਿੱਸਾ ਬਣ ਕੇ ‘ਬਹੁਤ ਸਨਮਾਨਿਤ’ ਮਹਿਸੂਸ ਕਰ ਰਿਹਾ ਹੈ। ਉਸ ਨੇ ਕਿਹਾ, ‘‘ਇਸ ਸਾਲ ਮੈਂ ਫਿਲਮ ਨਿਰਮਾਤਾ ਵਜੋਂ 25 ਸਾਲ ਪੂਰੇ ਕਰ ਰਿਹਾ ਹਾਂ, ਜਿਸ ਕਰਕੇ ਇਹ ਸਾਲ ਮੇਰੇ ਬਹੁਤ ਅਹਿਮ ਹੈ। ਮੈਨੂੰ ਨਹੀਂ ਲੱਗਦਾ ਕਿ ਮੇਰੀ ਜ਼ਿੰਦਗੀ ਦੇ ਇਸ ਅਹਿਮ ਮੁਕਾਮ ਦਾ ਜਸ਼ਨ ਮਨਾਉਣ ਲਈ ਆਈਐੱਫਐੱਫਐੱਮ ਤੋਂ ਬਿਹਤਰ ਕੋਈ ਮੰਚ ਹੋ ਸਕਦਾ ਹੈ।’’ ਉਸ ਨੇ ਕਿਹਾ, ‘‘ਮੈਂ ਤੀਜੀ ਵਾਰ ਇਸ ਸਮਾਗਮ ’ਚ ਸ਼ਾਮਲ ਹੋ ਰਿਹਾ ਹਾਂ ਅਤੇ ਆਸਟਰੇਲੀਆ ਦੇ ਦਰਸ਼ਕਾਂ ਤੋਂ ਮਿਲੇ ਪਿਆਰ ਤੋਂ ਬਹੁਤ ਖ਼ੁਸ਼ ਹਾਂ।’’ ਆਪਣੀ ਆਉਣ ਵਾਲੀ ਫਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਜੌਹਰ ਨੇ ਕਿਹਾ ਕਿ ਇਹ ਸਮਾਗਮ ਫਿਲਮ ਨਿਰਮਾਤਾ ਵਜੋਂ ਉਸ ਦੇ 25 ਸਾਲਾਂ ਦੇ ਸਫਰ ਨੂੰ ਦਰਸਾਏਗਾ। 

Add a Comment

Your email address will not be published. Required fields are marked *