1 ਤੋਂ 15 ਜੁਲਾਈ ਤੱਕ ਦੇਸ਼ ’ਚ ਘਟੀ ਪੈਟਰੋਲ-ਡੀਜ਼ਲ ਦੀ ਮੰਗ

ਨਵੀਂ ਦਿੱਲੀ – ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਦੀ ਖਪਤ ’ਚ ਜੁਲਾਈ ਦੇ ਪਹਿਲੇ ਪੰਦਰਵਾੜੇ ਵਿਚ ਗਿਰਾਵਟ ਆਈ ਹੈ। ਇਹ ਜਾਣਕਾਰੀ ਉਦਯੋਗ ਦੇ ਸ਼ੁਰੂਆਤੀ ਅੰਕੜਿਆਂ ਤੋਂ ਮਿਲੀ ਹੈ। ਅੰਕੜਿਆਂ ਮੁਤਾਬਕ ਮਾਨਸੂਨ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਮੀਂਹ ਕਾਰਣ ਲੋਕਾਂ ਨੇ ਆਪਣੀ ਯਾਤਰਾ ਦੀ ਯੋਜਨਾ ਟਾਲ ਦਿੱਤੀ ਹੈ। ਇਸ ਤੋਂ ਇਲਾਵਾ ਖੇਤੀਬਾੜੀ ਖੇਤਰ ’ਚ ਵੀ ਈਂਧਨ ਦੀ ਮੰਗ ਘਟ ਗਈ ਹੈ। ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀ ਕੁੱਲ ਮੰਗ ਪ੍ਰਭਾਵਿਤ ਹੋਈ ਹੈ।

ਅੰਕੜਿਆਂ ਮੁਤਾਬਕ ਦੇਸ਼ ’ਚ ਸਭ ਤੋਂ ਵੱਧ ਖਪਤ ਵਾਲੇ ਈਂਧਨ ਡੀਜ਼ਲ ਦੀ ਮੰਗ 1 ਤੋਂ 15 ਜੁਲਾਈ ਦੌਰਾਨ 15 ਫ਼ੀਸਦੀ ਘਟ ਕੇ 29.6 ਲੱਖ ਟਨ ਰਹਿ ਗਈ। ਕੁੱਲ ਈਂਧਨ ਮੰਗ ’ਚ ਡੀਜ਼ਲ ਦਾ ਹਿੱਸਾ ਕਰੀਬ 40 ਫ਼ੀਸਦੀ ਹੈ। ਗਰਮੀਆਂ ’ਚ ਵਾਹਨਾਂ ਵਿਚ ‘ਏ. ਸੀ.’ ਦਾ ਇਸਤੇਮਾਲ ਵਧਣ ਅਤੇ ਖੇਤੀਬਾੜੀ ਖੇਤਰ ਦੀ ਮੰਗ ’ਚ ਉਛਾਲ ਨਾਲ ਅਪ੍ਰੈਲ ਅਤੇ ਮਈ ’ਚ ਡੀਜ਼ਲ ਦੀ ਮੰਗ ਕ੍ਰਮਵਾਰ : 6.7 ਫ਼ੀਸਦੀ ਅਤੇ 9.3 ਫ਼ੀਸਦੀ ਵਧੀ ਸੀ। ਮਾਨਸੂਨ ਦੇ ਆਉਣ ਦੇ ਨਾਲ ਹੀ ਜੂਨ ਦੇ ਦੂਜੇ ਪੰਦਰਵਾੜੇ ਤੋਂ ਇਸ ਈਂਧਨ ਦੀ ਮੰਗ ਘਟਣ ਲੱਗੀ ਸੀ। ਮਾਸਿਕ ਆਧਾਰ ’ਤੇ ਡੀਜ਼ਲ ਦੀ ਵਿਕਰੀ ’ਚ ਕਰੀਬ 20 ਫ਼ੀਸਦੀ ਦੀ ਗਿਰਾਵਟ ਆਈ ਹੈ। ਇਕ ਤੋਂ 15 ਜੂਨ ਦੌਰਾਨ ਡੀਜ਼ਲ ਦੀ ਵਿਕਰੀ 36.8 ਲੱਖ ਟਨ ਰਹੀ ਸੀ। 

ਸਮੀਖਿਆ ਅਧੀਨ ਮਿਆਦ ਦੌਰਾਨ ਪੈਟਰੋਲ ਦੀ ਵਿਕਰੀ ਵੀ 10.5 ਫ਼ੀਸਦੀ ਘਟ ਕੇ 12.5 ਲੱਖ ਟਨ ਰਹਿ ਗਈ। ਮਾਸਿਕ ਆਧਾਰ ’ਤੇ ਪੈਟਰੋਲ ਦੀ ਵਿਕਰੀ 10.8 ਫ਼ੀਸਦੀ ਘਟੀ ਹੈ। ਭਾਰਤ ਵਿਚ ਨਿਰਮਾਣ ਅਤੇ ਸੇਵਾ ਖੇਤਰ ਦੋਵੇਂ ਅੱਗੇ ਵਧ ਰਹੇ ਹਨ, ਜਿਸ ਨਾਲ ਦੇਸ਼ ’ਚ ਈਂਧਨ ਦੀ ਮੰਗ ਵੀ ਤੇਜ਼ ਰਹੀ ਹੈ। ਇਸ ਕਾਰਣ ਮਾਰਚ ਦੇ ਦੂਜੇ ਪੰਦਰਵਾੜੇ ਵਿਚ ਪੈਟਰੋਲ ਅਤੇ ਡੀਜ਼ਲ ਦੀ ਮੰਗ ਵਧੀ ਸੀ। ਹਾਲਾਂਕਿ ਮਾਨਸੂਨ ਦੇ ਆਗਮਨ ਦੇ ਨਾਲ ਇਨ੍ਹਾਂ ਈਂਧਨ ਦੀ ਮੰਗ ਸੁਸਤ ਪਈ ਹੈ।

ਹਵਾਈ ਯਾਤਰਾਵਾਂ ’ਚ ਲਗਾਤਾਰ ਵਿਕਾਸ ਨਾਲ ਜਹਾਜ਼ ਈਂਧਨ (ਏ. ਟੀ. ਐੱਫ.) ਦੀ ਮੰਗ ਇਕ ਤੋਂ 15 ਜੁਲਾਈ ਦੌਰਾਨ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਣਾ ’ਚ 6.1 ਫ਼ੀਸਦੀ ਵਧ ਕੇ 3,01,800 ਟਨ ਹੋ ਗਈ। ਇਹ ਜੁਲਾਈ, 2021 ਦੇ ਪਹਿਲੇ ਪੰਦਰਵਾੜੇ ਦੀ ਤੁਲਣਾ ’ਚ ਦੁੱਗਣੇ ਤੋਂ ਵੱਧ ਹੈ। ਹਾਲਾਂਕਿ ਮਹਾਮਾਰੀ ਤੋਂ ਪਹਿਲਾਂ ਦੀ ਮਿਆਦ ਇਕ ਤੋਂ 15 ਜੁਲਾਈ, 2019 ਦੀ ਤੁਲਣਾ ’ਚ 5.9 ਫ਼ੀਸਦੀ ਘੱਟ ਹੈ। ਮਾਸਿਕ ਆਧਾਰ ’ਤੇ ਜਹਾਜ਼ ਈਂਧਨ ਦੀ ਵਿਕਰੀ ਵਿਚ ਕਰੀਬ 6.7 ਫ਼ੀਸਦੀ ਦੀ ਗਿਰਾਵਟ ਆਈ ਹੈ। ਇਕ ਤੋਂ 15 ਜੂਨ ਦਰਮਿਆਨ ਏ. ਟੀ. ਐੱਫ. ਦੀ ਵਿਕਰੀ 2,23,500 ਟਨ ਰਹੀ।

ਉਦਯੋਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਕੁੱਝ ਮਹੀਨਿਆਂ ’ਚ ਦੇਸ਼ ’ਚ ਉਦਯੋਗਿਕ ਗਤੀਵਿਧੀਆਂ ਤੇਜ਼ ਹੋਣ ਕਾਰਣ ਈਂਧਨ ਦੀ ਮੰਗ ਤੇਜ਼ ਰਹੀ ਹੈ। ਰਸੋਈ ਗੈਸ ਯਾਨੀ ਐੱਲ. ਪੀ. ਜੀ. ਦੀ ਵਿਕਰੀ ਸਾਲਾਨਾ ਆਧਾਰ ’ਤੇ 6.3 ਫ਼ੀਸਦੀ ਘਟ ਕੇ 12.7 ਲੱਖ ਟਨ ਰਹਿ ਗਈ ਹੈ। ਰਸੋਈ ਗੈਸ ਦੀ ਖਪਤ ਜੁਲਾਈ 2021 ਦੀ ਤੁਲਣਾ ’ਚ 6 ਫ਼ੀਸਦੀ ਵੱਧ ਅਤੇ ਮਹਾਮਾਰੀ ਤੋਂ ਪਹਿਲਾਂ ਦੀ ਮਿਆਦ ਇਕ ਤੋਂ 15 ਜੁਲਾਈ, 2019 ਦੀ ਤੁਲਣਾ ’ਚ 3.7 ਫ਼ੀਸਦੀ ਵੱਧ ਹੈ। ਮਾਸਿਕ ਆਧਾਰ ’ਤੇ ਜੂਨ ਦੇ ਪਹਿਲੇ ਪੰਦਰਵਾੜੇ ’ਚ 12.2 ਲੱਖ ਟਨ ਦੀ ਤੁਲਣਾ ਵਿਚ ਰਸੋਈ ਗੈਸ ਦੀ ਮੰਗ 3.8 ਫ਼ੀਸਦੀ ਵਧੀ ਹੈ।

Add a Comment

Your email address will not be published. Required fields are marked *