ਵਾਮਿਕਾ ਗੱਬੀ ਨੇ ਮਿਹਨਤ ਕਰ ਕੇ ਖ਼ਰੀਦੀ ਨਵੀਂ ਕਾਰ

ਜਲੰਧਰ – ਨਾਮਵਰ ਲੇਖਕ ਗੋਵਰਧਨ ਗੱਬੀ ਦੀ ਲਾਡਲੀ ਧੀ ਵਾਮਿਕਾ ਇਸ ਸਮੇਂ ਪੰਜਾਬੀ ਸਿਨੇਮਾ ਦੇ ਨਾਲ-ਨਾਲ ਹਿੰਦੀ ਤੇ ਦੱਖਣੀ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹੈ। ਆਪਣੀ ਮਿਹਨਤ ਸਦਕਾ ਵਾਮਿਕਾ ਗੱਬੀ ਨੇ ਲਗਜ਼ਰੀ ਕਾਰ ਖਰੀਦੀ ਹੈ, ਜਿਸ ਦੀ ਵੀਡੀਓ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਫੈਨਜ਼ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਵਾਮਿਕਾ ਬਹੁਤ ਖ਼ੁਸ਼ ਨਜ਼ਰ ਆ ਰਹੀ ਹੈ।

ਵਾਮਿਕਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ਹੈ, ”ਮੇਰੀ ਪਹਿਲੀ ਕਾਰ, ਇਹ ਉਹ ਫੀਲਿੰਗ ਹੈ ਜੋ ਫਿਰ ਕਦੇ ਨਹੀਂ ਫੀਲ ਕਰ ਪਾਉਂਗੀ, ਮਾਤਾ-ਪਿਤਾ ਦਾ ਸਮਰਥਨ ਅਤੇ ਖ਼ੁਦ ਦੀ ਮਿਹਨਤ ਨਾਲ ਖਰੀਦੀ ਹੋਈ ਇਹ ਗੱਡੀ ਹਮੇਸ਼ਾ ਯਾਦ ਰਹੇਗੀ। ਮੈਂ ਆਪਣੇ ਮਾਤਾ-ਪਿਤਾ ਅਤੇ ਆਪਣੇ ਪ੍ਰਸ਼ੰਸਕਾਂ ਦੀ ਬਹੁਤ ਸ਼ੁਕਰਗੁਜ਼ਾਰ ਅਤੇ ਧੰਨਵਾਦੀ ਹਾਂ, ਜੋ ਮੈਨੂੰ ਬਿਨਾਂ ਸ਼ਰਤ ਇੰਨਾ ਪਿਆਰ ਦਿੰਦੇ ਹਨ। ਇਹ ਅਵਿਸ਼ਵਾਸ਼ਯੋਗ ਹੈ!! ਤੁਹਾਡਾ ਸਾਰਿਆਂ ਦਾ ਧੰਨਵਾਦ 🤍 ਆਈ ਲਵ ਯੂ Guys 🤍…।”

ਇਸ ਤੋਂ ਇਲਾਵਾ ਵਾਮਿਕਾ ਨੇ ਲਿਖਿਆ, ”ਉਨ੍ਹਾਂ ਸਾਰੇ ਜਾਨਵਰਾਂ ਦਾ ਧੰਨਵਾਦ, ਜੋ ਮੇਰੀ ਜ਼ਿੰਦਗੀ ‘ਚ ਮੈਨੂੰ ਜ਼ਿੰਦਗੀ ਅਤੇ ਪਿਆਰ ਦੇ ਕੀਮਤੀ ਸਬਕ ਸਿਖਾਉਣ ਲਈ ਆਏ ਹਨ। ਪਿਆਰ ਉਹ ਅੰਤਮ ਸ਼ਕਤੀ ਹੈ, ਜੋ ਕਿਸੇ ਕੋਲ ਵੀ ਹੋ ਸਕਦੀ ਹੈ ਅਤੇ ਮੈਂ ਸ਼ਕਤੀਸ਼ਾਲੀ ਮਹਿਸੂਸ ਕਰਦੀ ਹਾਂ ♥️💪🏽🍒 ਚੈਰੀ ਆਨ ਟਾਪ।” ਦੱਸ ਦਈਏ ਕਿ ਵਾਮਿਕਾ ਗੱਬੀ ਪੰਜਾਬੀ ਸਿਨੇਮਾ ਦੀ ਉਹ ਅਦਾਕਾਰਾ ਹੈ, ਜਿਸ ਨੇ ਬਾਲ ਸਮੇਂ ਤੋਂ ਹੀ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਉਹ ਜਨਮ-ਜਾਤ ਅਦਾਕਾਰਾ ਹੈ। ਹਿੰਦੀ ਫ਼ਿਲਮ ‘ਜਬ ਵੂਈ ਮੈਟ’ ਅਤੇ ‘ਮੌਸਮ’ ‘ਚ ਬਾਲ ਅਦਾਕਾਰਾ ਵਜੋਂ ਕੰਮ ਕਰ ਚੁੱਕੀ ਵਾਮਿਕਾ ਬਾਰੇ ਉਦੋ ਕਿਸੇ ਨੇ ਇਹ ਸੋਚਿਆ ਨਹੀਂ ਹੋਵੇਗਾ ਕਿ ਉਹ ਇਕ ਦਮਦਾਰ ਅਦਾਕਾਰਾ ਵਜੋਂ ਪਰਦੇ ‘ਤੇ ਅਜਿਹੀ ਦਸਤਕ ਦੇਵੇਗੀ, ਜੋ ਪੰਜਾਬੀ ਫਿਲਮ ਇੰਡਸਟਰੀ ਦੇ ਪੱਧਰ ਨੂੰ ਪ੍ਰਸਾਰੇਗੀ।

ਵਾਮਿਕਾ ਦੀ ਸਹਿਜ ਭਰਪੂਰ ਅਦਾਕਾਰੀ, ਡੂੰਘੀਆਂ ਅੱਖਾਂ ਤੇ ਅੰਦਾਜ਼-ਏ-ਪੇਸ਼ਕਾਰੀ ਨੇ ਉਨ੍ਹਾਂ ਦਾ ਸ਼ੁਮਾਰ ਪੰਜਾਬੀ ਦੀਆਂ ਮਸ਼ਹੂਰ ਅਦਾਕਾਰਾਂ ‘ਚ ਕਰ ਦਿੱਤਾ ਹੈ। ਬਤੌਰ ਅਦਾਕਾਰਾ ਉਨ੍ਹਾਂ ਦੀ ਪਹਿਲੀ ਹਿੰਦੀ ਫ਼ਿਲਮ ਸਾਲ 2013 ‘ਚ ‘ਸਿਕਸਟੀਨ’ ਆਈ ਸੀ। ਪੰਜਾਬੀ ਸਿਨੇਮਾ ‘ਚ ਉਨ੍ਹਾਂ ਦਾ ਆਗਮਨ ‘ਤੂੰ ਮੇਰਾ ਬਾਈ ਮੈਂ ਤੇਰਾ ਬਾਈ’ ਫ਼ਿਲਮ ਨਾਲ ਹੋਇਆ ਸੀ। ਨਿਰਦੇਸ਼ਕ ਅੰਮਿਤ ਪ੍ਰਸ਼ਾਰ ਦੀ ਇਸ ਫ਼ਿਲਮ ਦੇ ਜ਼ਰੀਏ ਵਾਮਿਕਾ ਨਾਲ ਯੋ ਯੋ ਹਨੀ ਸਿੰਘ ਨੇ ਵੀ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਇਸ ਫਿਲਮ ਤੋਂ ਬਾਅਦ ਨਿਰਦੇਸ਼ਕ ਅੰਮਿਤ ਪ੍ਰਸ਼ਾਰ ਨੇ ਹੀ ਉਨ੍ਹਾਂ ਨੂੰ ਆਪਣੀ ਅਗਲੀ ਫ਼ਿਲਮ ‘ਇਸ਼ਕ ਗਰਾਰੀ’ ਜ਼ਰੀਏ ਮੁੜ ਵੱਡੇ ਪਰਦੇ ‘ਤੇ ਲਿਆਂਦਾ। ਸਾਲ 2017 ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਵਰ੍ਹਾ ਸੀ। ਇਸ ਸਾਲ ਕੌਮਾਂਤਰੀ ਪੱਧਰ ‘ਤੇ ਉਸ ਦੀ ਚਰਚਾ ਮਲਿਆਲਮ ਫ਼ਿਲਮ ‘ਗੋਧਾ’ ਨਾਲ ਹੋਈ।

ਇਸ ਤੋਂ ਇਲਾਵਾ ‘ਨਿੱਕਾ ਜ਼ੈਲਦਾਰ 2’ ਤੇ ‘ਪ੍ਰਾਹੁਣਾ’ ਨੇ ਉਨ੍ਹਾਂ ਨੂੰ ਪੰਜਾਬੀ ਦੀਆਂ ਨਾਮੀ ਅਦਾਕਾਰਾਂ ਦੀ ਕਤਾਰ ‘ਚ ਖੜ੍ਹਾ ਕਰ ਦਿੱਤਾ। ਵਾਮਿਕਾ ਦਾ ਕਹਿਣਾ ਹੈ ਕਿ ਹੁਣ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੱਡੀ ਤਬਦੀਲੀ ਆਈ ਹੈ, ਜਿਸ ‘ਚ ਅਦਾਕਾਰਾਂ ਨੂੰ ਅਹਿਮੀਅਤ ਮਿਲਣ ਲੱਗੀ ਹੈ। ਇਸ ਤਬਦੀਲੀ ਨਾਲ ਉਨ੍ਹਾਂ ਨੂੰ ਆਪਣੀ ਅਦਾਕਾਰੀ ਦੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ।

Add a Comment

Your email address will not be published. Required fields are marked *