‘ਮਿਸ਼ਨ ਇੰਪਾਸੀਬਲ 7’ ਨੇ ਤੋੜੇ ਬਾਕਸ ਆਫਿਸ ਰਿਕਾਰਡ

ਮੁੰਬਈ – ਹਾਲੀਵੁੱਡ ਸਟਾਰ ਟਾਮ ਕਰੂਜ਼ ਦੀ ਫ਼ਿਲਮ ‘ਮਿਸ਼ਨ ਇੰਪਾਸੀਬਲ 7’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਸੀ ਤੇ ਹੁਣ ਇਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਦਿਲ ਖ਼ੁਸ਼ ਹੋ ਗਏ ਹਨ। ਫ਼ਿਲਮ ਦਾ ਪੂਰਾ ਨਾਂ ‘ਮਿਸ਼ਨ ਇੰਪਾਸੀਬਲ ਡੈੱਡ ਰੈਕਨਿੰਗ ਪਾਰਟ 1’ ਹੈ। ਇਹ 12 ਜੁਲਾਈ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। ਇਸ ਦੌਰਾਨ ਫ਼ਿਲਮ ਦੀ ਪਹਿਲੇ ਦਿਨ ਦੀ ਕਲੈਕਸ਼ਨ ਸਾਹਮਣੇ ਆ ਗਈ ਹੈ।

ਖ਼ਬਰਾਂ ਮੁਤਾਬਕ ਇਸ ਫ਼ਿਲਮ ਨੇ ਭਾਰਤੀ ਬਾਕਸ ਆਫਿਸ ’ਤੇ 12.50 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਟੌਮ ਕਰੂਜ਼ ਦੀ ਪਿਛਲੀ ਫ਼ਿਲਮ ‘ਮਿਸ਼ਨ ਇੰਪਾਸੀਬਲ ਫਾਲਆਊਟ’ 2018 ’ਚ ਰਿਲੀਜ਼ ਹੋਈ ਸੀ। ਉਸ ਫ਼ਿਲਮ ਨੇ ਭਾਰਤੀ ਬਾਕਸ ਆਫਿਸ ’ਤੇ 9.25 ਕਰੋੜ ਰੁਪਏ ਦੀ ਓਪਨਿੰਗ ਕੀਤੀ ਸੀ। ਉਸ ਮੁਤਾਬਕ ਨਵੇਂ ਹਿੱਸੇ ਨੇ ਪਹਿਲੇ ਦਿਨ ਹੀ ਸ਼ਾਨਦਾਰ ਕਲੈਕਸ਼ਨ ਕੀਤਾ ਹੈ।

ਵੈਰਾਇਟੀ ਦੀ ਰਿਪੋਰਟ ਮੁਤਾਬਕ ‘ਮਿਸ਼ਨ ਇੰਪਾਸੀਬਲ 7’ ਉੱਤਰੀ ਅਮਰੀਕਾ ’ਚ 85 ਤੋਂ 90 ਮਿਲੀਅਨ ਡਾਲਰ ਯਾਨੀ ਕਰੀਬ 698 ਤੋਂ 740 ਕਰੋੜ ਰੁਪਏ ਇਕੱਠੇ ਕਰ ਸਕਦੀ ਹੈ। ਇਸ ਦੇ ਮੁਤਾਬਕ ਰਿਲੀਜ਼ ਦੇ ਪਹਿਲੇ 5 ਦਿਨਾਂ ’ਚ ਇਸ ਦਾ ਅੰਤਰਰਾਸ਼ਟਰੀ ਕਲੈਕਸ਼ਨ 160 ਮਿਲੀਅਨ ਡਾਲਰ ਯਾਨੀ ਕਰੀਬ 1313 ਕਰੋੜ ਰੁਪਏ ਹੋ ਜਾਵੇਗਾ। ਇਸ ਕਾਰਨ ਫ਼ਿਲਮ ਦੀ ਗਲੋਬਲ ਓਪਨਿੰਗ 250 ਮਿਲੀਅਨ ਡਾਲਰ ਯਾਨੀ ਕਰੀਬ 2051 ਕਰੋੜ ਹੋ ਸਕਦੀ ਹੈ।

ਇਸ ਸਾਲ ਰਿਲੀਜ਼ ਹੋਈਆਂ ਹੋਰ ਹਾਲੀਵੁੱਡ ਫ਼ਿਲਮਾਂ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਵਿਨ ਡੀਜ਼ਲ ਤੇ ਜੇਸਨ ਮੋਮੋਆ ਦੀ ‘ਫਾਸਟ ਐਕਸ’ ਨੇ ਵੀ ਭਾਰਤੀ ਬਾਕਸ ਆਫਿਸ ’ਤੇ 12.50 ਕਰੋੜ ਰੁਪਏ ਦੀ ਓਪਨਿੰਗ ਕੀਤੀ ਸੀ ਪਰ ‘ਮਿਸ਼ਨ ਇੰਪਾਸੀਬਲ 7’ ਦੀ ‘ਜੌਨ ਵਿਕ : ਚੈਪਟਰ 4’ (10 ਕਰੋੜ ਰੁਪਏ), ‘ਐਂਟ ਮੈਨ ਐਂਡ ਦਿ ਵਾਸਪ : ਕੁਆਂਟਮਮੇਨੀਆ’ (9 ਕਰੋੜ ਰੁਪਏ) ਤੇ ‘ਗਾਰਡੀਅਨਜ਼ ਆਫ਼ ਦਿ ਗਲੈਕਸੀ’ (7.30 ਕਰੋੜ ਰੁਪਏ) ਨਾਲੋਂ ਵੱਡੀ ਸ਼ੁਰੂਆਤ ਹੈ। 21 ਜੁਲਾਈ ਨੂੰ ਟੌਮ ਕਰੂਜ਼ ਦੀ ‘ਮਿਸ਼ਨ ਇੰਪਾਸੀਬਲ 7’ ਦੀ ਟੱਕਰ ਮਾਰਗੋ ਰੌਬੀ ਦੀ ‘ਬਾਰਬੀ’ ਤੇ ਕ੍ਰਿਸਟੋਫਰ ਨੋਲਨ ਦੀ ‘ਓਪਨਹਾਈਮਰ’ ਨਾਲ ਹੋਵੇਗੀ। ਦੇਖਣਾ ਹੋਵੇਗਾ ਕਿ ਕੀ ਟੌਮ ਕਰੂਜ਼ ਇਨ੍ਹਾਂ ਦੋ ਵੱਡੀਆਂ ਫ਼ਿਲਮਾਂ ਦੇ ਸਾਹਮਣੇ ਟਿਕ ਪਾਉਂਦੇ ਹਨ ਜਾਂ ਨਹੀਂ।

Add a Comment

Your email address will not be published. Required fields are marked *