ਇੱਕ ਹਫ਼ਤੇ ਅੰਦਰ ਫੀਲਡ ‘ਚ ਉਤਰਨਗੇ ਸੁਨੀਲ ਜਾਖੜ

ਚੰਡੀਗੜ੍ਹ : ਪੰਜਾਬ ਭਾਜਪਾ ਪ੍ਰਧਾਨ ਦਾ ਰਸਮੀ ਤੌਰ ’ਤੇ ਕਾਰਜਭਾਰ ਸੰਭਾਲਣ ਤੋਂ ਬਾਅਦ ਸੁਨੀਲ ਜਾਖੜ ਇੱਕ ਹਫ਼ਤੇ ਅੰਦਰ ਫੀਲਡ ‘ਚ ਉਤਰਨ ਜਾ ਰਹੇ ਹਨ। ਜ਼ਿੰਮੇਵਾਰੀ ਮਿਲਣ ਦੀ ਨਵੀਂ ਊਰਜਾ ਨਾਲ ਉਹ ਸੂਬੇ ਦੇ ਸਾਰੇ ਲੋਕ ਸਭਾ ਹਲਕਿਆਂ ਦਾ ਦੌਰਾ ਕਰਨਗੇ ਅਤੇ ਸਥਾਨਕ ਪਾਰਟੀ ਨੇਤਾਵਾਂ ਨਾਲ ਬੈਠਕ ਕਰਨਗੇ। ਇਨ੍ਹਾਂ ਬੈਠਕਾਂ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਲੋਕ ਸਭਾ ਹਲਕਿਆਂ ਅਨੁਸਾਰ ਆਉਂਦੇ ਜ਼ਿਲ੍ਹਿਆਂ ਦੀਆਂ ਟੀਮਾਂ, ਮੋਰਚਿਆਂ ਦੇ ਜ਼ਿਲ੍ਹਾ ਨੇਤਾਵਾਂ ਆਦਿ ਨਾਲ ਬੈਠਕਾਂ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਉਹ ਲੋਕ ਸਭਾ ਹਲਕਿਆਂ ਦੇ ਵੱਖ-ਵੱਖ ਸਮਾਜਿਕ ਅਤੇ ਵਪਾਰਕ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਵੀ ਮੁਲਾਕਾਤ ਕਰ ਕੇ ਹਲਕਿਆਂ ਦੀ ਅਸਲੀ ਸਥਿਤੀ ਅਤੇ ਮੁੱਦਿਆਂ ਬਾਰੇ ਫੀਡਬੈਕ ਲੈਣਗੇ। ਆਪਣੇ ਲੰਬੇ ਸਿਆਸੀ ਤਜੁਰਬੇ ਨੂੰ ਹੁਣ ਭਾਜਪਾ ਨਾਲ ਵੰਡਣ ਵਾਲੇ ਜਾਖੜ ਲਾਈਨ ਤੋਂ ਹਟ ਕੇ ਪ੍ਰਯੋਗ ਕਰਨ ਦੇ ਮੂਡ ‘ਚ ਹਨ। ਜਿਸ ਤਰੀਕੇ ਨਾਲ ਪੁਰਾਣੇ ਭਾਜਪਾ ਨੇਤਾਵਾਂ ਨੂੰ ਦਰਕਿਨਾਰ ਕਰ ਕੇ ਜਾਖੜ ਨੂੰ ਪ੍ਰਧਾਨ ਬਣਾਇਆ ਗਿਆ ਹੈ, ਉਸ ਤੋਂ ਸਪੱਸ਼ਟ ਹੈ ਕਿ ਭਾਜਪਾ ਲੀਡਰਸ਼ਿਪ ਸਮਝ ਗਈ ਸੀ ਕਿ ਉਨ੍ਹਾਂ ਕੋਲ ਸੰਗਠਨ ‘ਚ ਜਾਖੜ ਵਰਗੇ ਕੱਦ ਦਾ ਨੇਤਾ ਨਹੀਂ ਹੈ।

ਭਾਜਪਾ ਪ੍ਰਧਾਨ ਬਣਨ ਤੋਂ ਬਾਅਦ ਆਪਣੀ ਪਹਿਲੀ ਹੀ ਸਿਆਸੀ ਸਰਗਰਮੀ ਲੋਕ ਸਭਾ ਹਲਕਿਆਂ ਦੇ ਦੌਰਿਆਂ ਦੇ ਜ਼ਰੀਏ ਸਾਫ਼ ਕਰਨ ਦੇ ਪਿੱਛੇ ਉਨ੍ਹਾਂ ਦੀ ਸੋਚ ਸ਼ਾਇਦ ਇਹੀ ਹੈ ਕਿ ਲਗਭਗ 10 ਮਹੀਨਿਆਂ ਬਾਅਦ ਹੀ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇੰਨੇ ਘੱਟ ਸਮੇਂ ‘ਚ ਸਾਰੇ 13 ਲੋਕ ਸਭਾ ਹਲਕਿਆਂ ‘ਚ ਵਰਕਰਾਂ ਨਾਲ ਉਹ ਗਲੀ-ਗਲੀ ਦਸਤਕ ਦੇਣਗੇ। ਲੋਕ ਸਭਾ ਚੋਣਾਂ ਲਈ ਉਮੀਦਵਾਰੀ ’ਤੇ ਮੋਹਰ ਚਾਹੇ ਸੀਨੀਅਰ ਰਾਸ਼ਟਰੀ ਨੇਤਾਵਾਂ ਦਾ ਸੰਸਦੀ ਬੋਰਡ ਲਗਾਉਂਦਾ ਹੋਵੇ ਪਰ ਪੰਜਾਬ ਦੇ ਉਮੀਦਵਾਰਾਂ ਦੀ ਚੋਣ ‘ਚ ਜਾਖੜ ਦੀ ਬਤੌਰ ਪ੍ਰਧਾਨ ਖ਼ਾਸ ਭੂਮਿਕਾ ਰਹੇਗੀ। ਉਹ ਖ਼ੁਦ ਮੈਦਾਨ ‘ਚ ਉਤਰ ਕੇ ਜਿੱਤ ‘ਚਸਮਰਥਾਵਾਨ ਦਾਅਵੇਦਾਰਾਂ ਬਾਰੇ ਫੀਡਬੈਕ ਇਕੱਠਾ ਕਰਨਾ ਚਾਹੁੰਦੇ ਹਨ। ਨਾਲ ਹੀ ਲੋਕਾਂ ਦੀ ਨਬਜ਼ ਵੀ ਪਛਾਨਣਾ ਚਾਹੁੰਦੇ ਹਨ। ਇਸ ਕਾਰਨ ਉਨ੍ਹਾਂ ਨੇ ਲੋਕ ਸਭਾ ਹਲਕਿਆਂ ਦੇ ਦੌਰਿਆਂ ਤੋਂ ਇਹ ਸ਼ੁਰੂਆਤ ਕਰਨ ਦੀ ਯੋਜਨਾ ਬਣਾਈ ਹੈ।

ਜਾਖੜ ਦੇ ਅਹੁਦਾ ਸੰਭਾਲਣ ਸਮੇਂ ਕਰੀਬ ਸਾਰੇ ਪ੍ਰਮੁੱਖ ਪਾਰਟੀ ਨੇਤਾ ਮੌਜੂਦ ਰਹੇ। ਇਨ੍ਹਾਂ ਦੀ ਹਾਜ਼ਰੀ ਨੇ ਇਹ ਸੰਦੇਸ਼ ਤਾਂ ਦਿੱਤਾ ਕਿ ਜਾਖੜ ਦੀ ਪ੍ਰਧਾਨਗੀ ਨਾਲ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਭਾਜਪਾ ‘ਚ 14 ਮਹੀਨਿਆਂ ਦੌਰਾਨ ਜਾਖੜ ਪਾਰਟੀ ਨੇਤਾਵਾਂ ਦੀ ਨਬਜ਼ ਤਾਂ ਪਛਾਣ ਹੀ ਚੁੱਕੇ ਹਨ। ਉਹ ਬਿਹਤਰ ਜਾਣਦੇ ਹਨ ਕਿ ਕੌਣ ਪਾਰਟੀ ਨੇਤਾ ਖ਼ੁਦ ਜਾਂ ਆਪਣੇ ਖ਼ਾਸਮ ਖ਼ਾਸ ਲੋਕਾਂ ਦੇ ਜ਼ਰੀਏ ਉਨ੍ਹਾਂ ਦੇ ਰਾਹ ‘ਚ ਰੋੜੇ ਅਟਕਾ ਸਕਦਾ ਹੈ। ਪਰ ਕਾਂਗਰਸ ‘ਚ ਵਿਧਾਇਕ ਦਲ ਦੇ ਨੇਤਾ ਅਤੇ ਫਿਰ ਪ੍ਰਦੇਸ਼ ਪ੍ਰਧਾਨ ਰਹਿੰਦੇ ਮਿਲੇ ਤਜੁਰਬੇ ਨਾਲ ਉਹ ਭਾਜਪਾ ‘ਚ ਵੀ ਸੰਗਠਨ ’ਤੇ ਪਕੜ ਬਣਾ ਲੈਣਗੇ, ਅਜਿਹੀ ਉਮੀਦ ਹੈ। ਉਂਝ ਵੀ ਜਿਸ ਤਰ੍ਹਾਂ ਨਾਲ ਪਾਰਟੀ ਦੇ ਕੌਮੀ ਲੀਡਰਸ਼ਿਪ ਨੇ ਉਨ੍ਹਾਂ ’ਤੇ ਭਰੋਸਾ ਜਤਾਇਆ ਹੈ, ਉਸ ਤੋਂ ਬਾਅਦ ਇਸ ਗੱਲ ਦਾ ਸ਼ੱਕ ਘੱਟ ਹੀ ਹੈ ਕਿ ਕੋਈ ਕੌਮੀ ਲੀਡਰਸ਼ਿਪ ਦੇ ਇਸ ਫ਼ੈਸਲੇ ਦੀ ਖ਼ਿਲਾਫ਼ਤ ਕਰੇ।

Add a Comment

Your email address will not be published. Required fields are marked *