ਮਿਸ ਯੂਨੀਵਰਸ ਹਰਨਾਜ਼ ਸੰਧੂ ਦੀ 6 ਅਕਤੂਬਰ ਨੂੰ ਅਦਾਲਤ ‘ਚ ਪੇਸ਼ੀ

ਮੁੰਬਈ : ਪਿਛਲੇ ਸਾਲ ਮਿਸ ਯੂਨੀਵਰਸ ਬਣੀ ਹਰਨਾਜ਼ ਕੌਰ ਸੰਧੂ ਸਣੇ 14 ਹੋਰਾਂ ਨੂੰ ਪੰਜਾਬੀ ਅਦਾਕਾਰਾ ਉਪਾਸਨਾ ਸਿੰਘ ਵੱਲੋਂ ਦਾਇਰ ਸਿਵਲ ਕੇਸ ਵਿਚ 6 ਅਕਤੂਬਰ ਨੂੰ ਅਦਾਲਤ ਵਿਚ ਆਪਣਾ ਜਵਾਬ ਦਾਇਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਮਾਮਲੇ ਦੀ ਸੁਣਵਾਈ ‘ਤੇ ਜਵਾਬ ਪੇਸ਼ ਨਾ ਹੋਣ ‘ਤੇ ਅਦਾਲਤ ਨੇ ਹੁਣ 6 ਅਕਤੂਬਰ ਦੀ ਤਰੀਕ ਤੈਅ ਕਰ ਦਿੱਤੀ ਹੈ। ਇੱਕ ਮਹੀਨਾ ਪਹਿਲਾਂ ਉਪਾਸਨਾ ਸਿੰਘ ਨੇ ਪੰਜਾਬੀ ਫ਼ਿਲਮ ‘ਬਾਈ ਜੀ ਕੁੱਟਣਗੇ’ ਨਾਲ ਜੁੜੇ ਵਿਵਾਦ ਨੂੰ ਲੈ ਕੇ ਕੋਰਟ ‘ਚ ਇਹ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਵਿਚ ਮਾਮਲਾ ਨੋਟਿਸ ਅਤੇ ਰਿਕਾਰਡ ਪੇਸ਼ ਕਰਨ ਲਈ ਲੱਗਾ ਹੋਇਆ ਹੈ। ਮਾਮਲੇ ‘ਚ ਮੁਆਵਜ਼ੇ ਵਜੋਂ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ।

ਦੱਸ ਦਈਏ ਕਿ ਹਰਨਾਜ਼ ਸੰਧੂ ਤੋਂ ਇਲਾਵਾ ਇਸ ਕੇਸ ‘ਚ ਸ਼ੈਰੀ ਗਿੱਲ, ਐਮਾ ਸਾਵਲ, ਦਿ ਮਿਸ ਯੂਨੀਵਰਸ ਆਰਗੇਨਾਈਜ਼ੇਸ਼ਨ, ਸਿਟੀ ਆਫ ਦਾ ਹਾਲੀਵੁੱਡ ਫਲੋਰੀਡਾ, ਟਾਈਮਜ਼ ਗਰੁੱਪ ਸੀ. ਆਰ. ਐੱਮ ਆਦਿ ਸ਼ਾਮਲ ਹਨ। ਉਪਾਸਨਾ ਸਿੰਘ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਉਹ ਇੱਕ ਫ਼ਿਲਮ ਦਾ ਨਿਰਮਾਣ ਕਰ ਰਹੀ ਸੀ, ਜਿਸ ‘ਚ ਹਰਨਾਜ਼ ਨੇ ਕੰਮ ਕਰਨ ਲਈ ਸਹਿਮਤੀ ਦਿੱਤੀ ਸੀ। ਇਸ ਤੋਂ ਬਾਅਦ ਫ਼ਿਲਮ ਬਣਨ ਤੋਂ ਬਾਅਦ ਉਹ ਪ੍ਰਮੋਸ਼ਨ ਲਈ ਅੱਗੇ ਨਹੀਂ ਆਈ ਅਤੇ ਹੁਣ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਉਨ੍ਹਾਂ ਕੋਲ ਹਰਨਾਜ਼ ਖ਼ਿਲਾਫ਼ ਸਬੂਤ ਵੀ ਹਨ।

ਉਪਾਸਨਾ ਸਿੰਘ ਮੁਤਾਬਕ, ਫ਼ਿਲਮ ਦੇ ਨਿਰਦੇਸ਼ਕ ਸਮੀਪ ਕੰਗ ਅਤੇ ਨਿਰਮਾਤਾਵਾਂ ਨੇ ਵੀ ਹਰਨਾਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਰੇ ਅਸਫ਼ਲ ਰਹੇ। ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ ਬਣਨ ਤੋਂ ਬਾਅਦ ਕਿਸੇ ਦੀਆਂ ਕਾਲਾਂ ਜਾਂ ਮੈਸਜਾਂ ਦਾ ਜਵਾਬ ਤੱਕ ਨਹੀਂ ਦਿੱਤਾ, ਜਿਸ ਕਾਰਨ ਫ਼ਿਲਮ ਮੇਕਰਜ਼ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਫ਼ਿਲਮ ਦੀ ਰਿਲੀਜ਼ਿੰਗ ਡੇਟ ਵੀ ਟਾਲਣੀ ਪਈ। 27 ਮਈ 2022 ਤੋਂ ਫ਼ਿਲਮ ਦੀ ਰਿਲੀਜ਼ ਨੂੰ 19 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਫ਼ਿਲਮ ਦੀ ਦੇਰੀ ਕਾਰਨ ਫ਼ਿਲਮ ਦੀ ਕਾਸਟ ਅਤੇ ਕਰੂ ਨੂੰ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।

ਦਾਇਰ ਕੇਸ ਅਨੁਸਾਰ, ਸਾਲ 2020 ‘ਚ ਹਰਨਾਜ਼ ਨੇ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ ਸੀ। ਉਸ ਸਮੇਂ ਦੌਰਾਨ ਹਰਨਾਜ਼ ਨੇ ਸੰਤੋਸ਼ ਐਂਟਰਟੇਨਮੈਂਟ ਸਟੂਡੀਓਜ਼ ਐੱਲ. ਐੱਲ. ਪੀ. ਨਾਲ ਇੱਕ ਕਲਾਕਾਰ ਸਮਝੌਤਾ ਕੀਤਾ। ਇਸ ਸਟੂਡੀਓ ਨੂੰ ਉਪਾਸਨਾ ਸਿੰਘ ਚਲਾ ਰਹੀ ਹੈ। ਉਪਾਸਨਾ ਅਨੁਸਾਰ ਉਨ੍ਹਾਂ ਨੇ ‘ਬਾਈ ਜੀ ਕੁੱਟਣਗੇ’ ਨਾਂ ਦੀ ਪੰਜਾਬੀ ਫ਼ਿਲਮ ਬਣਾਉਣੀ ਸੀ, ਜਿਸ ‘ਚ ਹਰਨਾਜ਼ ਦੀ ਮੁੱਖ ਭੂਮਿਕਾ ਸੀ। ਇਕਰਾਰਨਾਮੇ ਤਹਿਤ ਕਲਾਕਾਰਾਂ ਨੂੰ ਫ਼ਿਲਮ ਦੇ ਪ੍ਰਚਾਰ ਕਾਰਜਾਂ ਲਈ ਉਪਲਬਧ ਹੋਣਾ ਸੀ।

ਉਪਾਸਨਾ ਸਿੰਘ ਮੁਤਾਬਕ, ਮਿਸ ਯੂਨੀਵਰਸ ਬਣਨ ਤੋਂ ਬਾਅਦ ਹਰਨਾਜ਼ ਨੇ ਵਪਾਰ ਅਤੇ ਇਕਰਾਰਨਾਮੇ ਦੇ ਵਾਅਦੇ ਤੋੜ ਦਿੱਤੇ। ਉਸ ਨੇ ਆਪਣੇ-ਆਪ ਨੂੰ ਫ਼ਿਲਮ ਦੀ ਕਾਸਟ ਅਤੇ ਕਰੂ ਤੋਂ ਦੂਰ ਕਰ ਲਿਆ ਹੈ। ਮਿਸ ਯੂਨੀਵਰਸ ਬਣਨ ਤੋਂ ਬਾਅਦ ਹਰਨਾਜ਼ ਸੰਧੂ ਨੇ ਆਪਣੇ ਆਪ ਨੂੰ ਵੱਡਾ ਸਟਾਰ ਸਮਝਣਾ ਸ਼ੁਰੂ ਕਰ ਦਿੱਤਾ ਹੈ। ਉਸ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਇਸ ਲਈ ਚੰਡੀਗੜ੍ਹ ਅਦਾਲਤ ‘ਚ ਹਰਨਾਜ਼ ਖ਼ਿਲਾਫ਼ ਕੇਸ ਦਾਇਰ ਕੀਤਾ ਗਿਆ ਹੈ।

Add a Comment

Your email address will not be published. Required fields are marked *