ਲੰਡਨ ਦੇ ਸਾਹਿਤ ਅਦੀਬਾਂ ਤੇ ਲੇਖਕਾਂ ਵੱਲੋਂ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਦਾ ਸਨਮਾਨ

ਲੰਡਨ – ਲੰਡਨ ਵਸਦੇ ਲੇਖਕ ਭਾਈਚਾਰੇ ਵੱਲੋਂ ਆਏ ਦਿਨ ਕੋਈ ਨਾ ਕੋਈ ਸਮਾਗਮ ਅਕਸਰ ਹੀ ਰਚਾਇਆ ਜਾਂਦਾ ਹੈ ਪਰ ਕੁਝ ਸਮਾਗਮਾਂ ਦਾ ਕਰਵਾਇਆ ਜਾਣਾ ਸੁਖਦ ਯਾਦ ਬਣ ਜਾਂਦਾ ਹੈ ਜਦੋਂ ਚਿਰਾਂ ਪਿੱਛੋਂ ਉਡੀਕਿਆ ਜਾਂਦਾ ਮਹਿਬੂਬ ਲੇਖਕ ਉਸ ਸਮਾਗਮ ਦਾ ਮੁੱਖ ਮਹਿਮਾਨ ਹੋਵੇ। ਅਜਿਹਾ ਹੀ ਵਿਸ਼ੇਸ਼ ਸਮਾਗਮ ਹੌਰਨਚਰਚ ਸਥਿਤ ਨਾਵਲਕਾਰ/ਕਵੀ ਗੁਰਚਰਨ ਸੱਗੂ ਤੇ ਰਾਣੀ ਸੱਗੂ ਦੇ ਵਿਹੜੇ ਵਿੱਚ ਕਰਵਾਇਆ ਗਿਆ, ਜਿਸ ਵਿੱਚ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਜੀ ਨੂੰ ਲੰਡਨ ਦੀਆਂ ਕਵਿੱਤਰੀਆਂ, ਕਵੀਆਂ ਤੇ ਸੰਗੀਤਕਾਰਾਂ ਦੀ ਮਹਿਫ਼ਲ ਵਿੱਚ ਸਨਮਾਨਿਤ ਕੀਤਾ ਗਿਆ।

ਸਮਾਗਮ ਦੌਰਾਨ ਚੱਲਿਆ ਸਵਾਲਾਂ ਜਵਾਬਾਂ ਦਾ ਦੌਰ ਬਹੁਤ ਰੌਚਕ ਹੋ ਨਿੱਬੜਿਆ। ਗੁਰਦਿਆਲ ਰੌਸ਼ਨ ਨੇ ਗ਼ਜ਼ਲ ਦੀ ਖੂਬਸੂਰਤੀ ਬਾਰੇ ਪੁੱਛੇ ਗਏ ਅਨੇਕਾਂ ਸਵਾਲਾਂ ਦੀ ਬਹੁਤ ਹੀ ਸਾਦੇ ਪਰ ਪ੍ਰਭਾਵਿਤ ਤਰੀਕੇ ਨਾਲ ਵਿਆਖਿਆ ਕੀਤੀ। ਗੁਰਦਿਆਲ ਰੌਸ਼ਨ ਨੇ ਨਵੀਂ ਪੀੜ੍ਹੀ ਦੇ ਪੁੱਛੇ ਗਏ ਸਵਾਲਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ “ਤੁਸੀਂ ਗ਼ਜ਼ਲ ਦੇ ਮੀਟਰ ਤੋਂ ਬਿਲਕੁਲ ਨਾ ਘਬਰਾਓ, ਜੇ ਤੁਸੀਂ ਗੁਣਗੁਣਾ ਕੇ ਕੋਈ ਸ਼ੇਅਰ ਲਿਖੋ ਤਾਂ ਗ਼ਜ਼ਲ ਦੀ ਖੂਬਸੂਰਤੀ ਆਪਣੇ ਆਪ ਬਣ ਜਾਏਗੀ, ਹਾਂ ਗ਼ਜ਼ਲ ਦੀ ਵਿੱਦਿਆ ਦੀ ਥੋੜੀ ਬਹੁਤ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ।” ਗ਼ਜ਼ਲ ਦੀ ਮੁੱਢਲੀ ਜਾਣਕਾਰੀ ਬਾਰੇ ਸ਼ਾਇਦ ਹੀ ਪਹਿਲੇ ਕਿਸੇ ਨੇ ਇੰਨੀ ਚੰਗੀ ਤਰ੍ਹਾਂ ਵਿਆਖਿਆ ਤੇ ਜਾਣਕਾਰੀ ਦਿੱਤੀ ਹੋਵੇ।

ਇਸ ਮੌਕੇ ਸਭ ਤੋਂ ਪਹਿਲਾਂ ਗੁਰਚਰਨ ਸੱਗੂ, ਰਾਣੀ ਸੱਗੂ, ਧੀਆਂ ਸੀਮਾ ਤੇ ਹਨੀ ਵੱਲੋਂ ਗੁਰਦਿਆਲ ਰੌਸ਼ਨ ਜੀ ਨੂੰ ਫੁੱਲਾਂ ਦਾ ਗੁਲਦਸਤਾ ਤੇ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਆਏ ਮਹਿਮਾਨਾਂ ਵਲੋਂ ਕਵਿਤਾ ਪਾਠ ਤੇ ਗੀਤ ਸੰਗੀਤ ਪੇਸ਼ ਕੀਤਾ ਗਿਆ, ਜਿਸ ਵਿੱਚ ਸ਼ਾਇਰ ਕੁਲਵੰਤ ਢਿੱਲੋਂ, ਨਾਵਲਕਾਰ ਤੇ ਕਵੀ ਪ੍ਰਕਾਸ਼ ਸੋਹਲ, ਟੀਵੀ ਪੇਸ਼ਕਾਰ ਰੂਪ ਦਵਿੰਦਰ, ਸ਼ਾਇਰ ਮਨਜੀਤ ਪੱਡਾ, ਸ਼ਾਇਰ ਅਜ਼ੀਮ ਸ਼ੇਖਰ, ਨਾਵਲਕਾਰ ਤੇ ਸ਼ਾਇਰ ਦਰਸ਼ਨ ਬੁਲੰਦਵੀ, ਰੇਡੀਓ ਪੇਸ਼ਕਾਰ ਰਾਜਿੰਦਰ ਕੌਰ, ਕਵਿੱਤਰੀ ਨਰਿੰਦਰ, ਪਰਵੀਨ ਠੇਠੀ, ਗੀਤਕਾਰਾ ਗੁਰਮੇਲ ਕੌਰ ਸੰਘਾ, ਸ਼ਗੁਫਤਾ ਲੋਧੀ, ਸ਼ਹਿਜ਼ਾਦ ਲੋਧੀ, ਹੀਨਾ ਸਮਨ, ਹਮਜ਼ਾ ਗਿੱਮੀ ਲੋਧੀ, ਬਲਵਿੰਦਰ ਸਿੰਘ ਸਹੋਤਾ, ਰਾਏ ਬਰਿੰਦਰ ਅਦੀਮ, ਸਤਨਾਮ ਸਿੰਘ ਛੋਕਰ, ਦਵਿੰਦਰ ਕੌਰ ਛੋਕਰ ਤੇ ਹੋਣਹਾਰ ਗਾਇਕ ਤੇ ਸੰਗੀਤਕਾਰ ਡਾ. ਸੁਨੀਲ ਸਾਜਲ ਹਾਜ਼ਰ ਸਨ। ਕਵਿਤਾਵਾਂ ਦਾ ਦੌਰ ਬਹੁਤ ਹੀ ਖ਼ੂਬਸੂਰਤ ਸੀ ਜਿਸ ਵਿੱਚ ਮੌਜੂਦ ਕਵੀ/ਕਵਿੱਤਰੀਆਂ ਵੱਲੋਂ ਨਵੇਂ ਪੰਜਾਬੀ ਗੀਤ ਤੇ ਪੁਰਾਣੀਆਂ ਬੋਲੀਆਂ ਨਾਲ ਇਹ ਮਹਿਫ਼ਲ ਯਾਦਗਾਰੀ ਬਣਾ ਦਿੱਤੀ ਗਈ।

Add a Comment

Your email address will not be published. Required fields are marked *