ਜੈੱਕ ਮਾ ਦੇ ਐਂਟ ਗਰੁੱਪ ਸਮੇਤ ਕਈ ਕੰਪਨੀਆਂ ’ਤੇ ਲੱਗਾ 98.5 ਕਰੋੜ ਡਾਲਰ ਦਾ ਜੁਰਮਾਨਾ

ਨਵੀਂ ਦਿੱਲੀ – ਚੀਨ ਦੇ ਕਾਰੋਬਾਰੀ ਜੈੱਕ ਮਾ ਦੀ ਕੰਪਨੀ ਐਂਟ ਗਰੁੱਪ ਸਮੇਤ ਕਈ ਵਿੱਤੀ ਕੰਪਨੀਆਂ ’ਤੇ 98.5 ਕਰੋੜ ਡਾਲਰ (81,37,62,67,500 ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਹੈ। ਜੁਰਮਾਨਾ ਲਗਾਉਣ ਦੇ ਪਿੱਛੇ ਦਾ ਕਾਰਣ ਕੰਜ਼ਿਊਮਰ ਪ੍ਰੋਟੈਕਸ਼ਨ ਲਾ ਅਤੇ ਕਾਰਪੋਰੇਟ ਨਿਯਮਾਂ ਦੀ ਉਲੰਘਣਾ ਦੱਸਿਆ ਗਿਆ ਹੈ। ਇਹ ਮਾਮਲੇ ਕਾਰਪੋਰੇਟ ਗਵਰਨੈਂਸ, ਖਪਤਕਾਰ ਦੀ ਸੁਰੱਖਿਆ ਅਤੇ ਮਨੀ ਲਾਂਡਰਿੰਗ ਨਾਲ ਜੁੜੀਆਂ ਗੜਬੜੀਆਂ ਦੇ ਹਨ। ਐਂਟ ਗਰੁੱਪ ਪੇਮੈਂਟ ਫਰਮ ਅਲੀ ਪੇਅ ਦਾ ਸੰਚਾਲਨ ਵੀ ਕਰਦਾ ਹੈ।

ਚੀਨੀ ਸੈਂਟਰਲ ਬੈਂਕ ਅਤੇ ਸਕਿਓਰਿਟੀਜ਼ ਰੈਗੂਲੇਟਰ ਨੇ ਕਿਹਾ ਕਿ ਟੈੱਕ ਦਿੱਗਜ਼ ਕੰਪਨੀਆਂ ’ਚ ਸੁਧਾਰ ਲਿਆਉਣ ਦੀ ਆਪਣੀ ਮੁਹਿੰਮ ’ਚ ਅੱਗੇ ਵਧ ਰਹੇ ਹਨ ਅਤੇ ਹੁਣ ਉਨ੍ਹਾਂ ਦਾ ਧਿਆਨ ਆਮ ਦੇਖ-ਰੇਖ ਵੱਲ ਹੈ। ਐਂਟ ਦੇ ਇਸ ਸੈਕਟਰ ’ਚ ਉੱਭਰਨ ਨੂੰ ਵੀ ਦੇਸ਼ ਦੀ ਵਿੱਤੀ ਸਥਿਤੀ ਲਈ ਚੁਣੌਤੀ ਵਜੋਂ ਦੇਖਿਆ ਗਿਆ ਸੀ। ਚੀਨ ’ਚ ਹਾਲ ਹੀ ਦੇ ਸਮੇਂ ’ਚ ਟੈੱਕ ਸੈਕਟਰ ਵਿਚ ਨਿਵੇਸ਼ ’ਤੇ ਸੰਕਟ ਦੇ ਬੱਦਲ ਛਾਏ ਹੋਏ ਹਨ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਲਗਾਤਾਰ ਇਸ ਸੈਕਟਰ ’ਚ ਸਰਕਾਰੀ ਕੰਟਰੋਲ ਨੂੰ ਵਧਾਉਣ ’ਤੇ ਜ਼ੋਰ ਦੇ ਰਹੇ ਹਨ। ਐਂਟ ਗਰੁੱਪ ਵਿਚ ਅਲੀਬਾਬਾ ਦੀ ਹਿੱਸੇਦਾਰੀ 33 ਫੀਸਦੀ ਹੈ ਅਤੇ ਚੀਨ ਦੇ ਕਾਰੋਬਾਰੀ ਜੈੱਕ ਮਾ ਦੋਵੇਂ ਫਰਮਾਂ ਦੇ ਫਾਊਂਡਰ ਹਨ। ਚੀਨ ਦੀ ਕਿਸੇ ਇੰਟਰਨੈੱਟ ਕੰਪਨੀ ਦੇ ਲਿਹਾਜ ਨਾਲ ਜੁਰਮਾਨੇ ਦੀ ਇਹ ਰਕਮ ਕਾਫੀ ਵੱਡੀ ਹੈ।

ਸੂਤਰਾਂ ਮੁਤਾਬਕ ਸਾਲ 2020 ਦੇ ਅਖੀਰ ’ਚ ਕੰਪਨੀ ਨੇ 37 ਅਰਬ ਡਾਲਰ ਦਾ ਆਈ. ਪੀ. ਓ. ਲਿਆਉਣ ਦਾ ਫੈਸਲਾ ਟਾਲ ਦਿੱਤਾ ਸੀ। ਉਸ ਤੋਂ ਬਾਅਦ ਚੀਨ ਦੇ ਡੋਮੈਸਟਿਕ ਤਕਨਾਲੋਜੀ ਸੈਕਟਰ ’ਤੇ 2 ਸਾਲ ਤੱਕ ਸਰਕਾਰ ਨੇ ਸ਼ਿਕੰਜਾ ਕੱਸ ਦਿੱਤਾ ਅਤੇ ਐਂਟ ਨੂੰ ਆਪਣੇ ਬਿਜ਼ਨੈੱਸ ਵਿਚ ਬਦਲਾਅ ਕਰਨ ’ਤੇ ਮਜਬੂਰ ਹੋਣਾ ਪਿਆ। ਇਸ ਦੇ ਤਹਿਤ ਪੀਪੁਲਸ ਬੈਂਕ ਆਫ ਚਾਈਨਾ ਦੇ ਨਿਯਮਾਂ ਦੇ ਘੇਰੇ ’ਚ ਇਸ ਨੂੰ ਵਿੱਤੀ ਹੋਲਡਿੰਗ ਕੰਪਨੀ ਬਣਾਇਆ ਗਿਆ।

Add a Comment

Your email address will not be published. Required fields are marked *