ਪਾਬੰਦੀ ਦੇ ਬਾਵਜੂਦ ਈਰਾਨੀ ਔਰਤ ਨੇ ਮਸਜਿਦ ‘ਚ ਗਾਇਆ ਗਾਣਾ

ਈਰਾਨ ‘ਚ ਔਰਤਾਂ ਨੂੰ ਜਨਤਕ ਤੌਰ ‘ਤੇ ਗਾਉਣ ‘ਤੇ ਪਾਬੰਦੀ ਹੈ। ਇਸ ਦੇ ਬਾਵਜੂਦ ਈਰਾਨ ਦੇ ਇਸ਼ਫਾਨ ਸ਼ਹਿਰ ਦੀ ਇਕ ਇਤਿਹਾਸਕ ਮਸਜਿਦ ਵਿੱਚ ਇਕ ਔਰਤ ਨੇ ਗਾਣਾ ਗਾਇਆ। ਜਦੋਂ ਮਸਜਿਦ ਦੇ ਗਾਰਡ ਨੇ ਉਸ ਨੂੰ ਗਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਵਿਰੋਧ ਕੀਤਾ। ਉਹ ਗਾਉਂਦੀ ਰਹੀ, ਜਿਸ ਤੋਂ ਬਾਅਦ ਗਾਰਡ ਖੁਦ ਉੱਥੋਂ ਚਲਾ ਗਿਆ। ਜਦੋਂ ਔਰਤ ਮਸਜਿਦ ਵਿੱਚ ਗੀਤ ਗਾ ਰਹੀ ਸੀ ਤਾਂ ਬਹੁਤ ਸਾਰੇ ਲੋਕ ਮੌਜੂਦ ਸਨ। ਕੁਝ ਲੋਕਾਂ ਨੇ ਇਸ ਦੀ ਵੀਡੀਓ ਵੀ ਬਣਾਈ।

ਈਰਾਨ ‘ਚ ਔਰਤਾਂ ਦੇ ਮਨੁੱਖੀ ਅਧਿਕਾਰਾਂ ‘ਤੇ ਕੰਮ ਕਰਨ ਵਾਲੀ ਐਕਟੀਵਿਸਟ ਮਾਸਿਹ ਅਲੀਨੇਜਦ ਨੇ ਇਹ ਵੀਡੀਓ ਸ਼ੇਅਰ ਕੀਤੀ ਹੈ, ਜੋ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਮਾਸਿਹ ਨੇ ਲਿਖਿਆ ਹੈ ਕਿ ਇੰਨੀ ਹਿੰਮਤ ਕਰਨ ਵਾਲੀਆਂ ਔਰਤਾਂ ਹੀ ਇਕ ਦਿਨ ਈਰਾਨ ਦੇ ਔਰਤਾਂ ਵਿਰੋਧੀ ਲੋਕਾਂ ਨੂੰ ਸੱਤਾ ਤੋਂ ਬੇਦਖਲ ਕਰ ਦੇਣਗੀਆਂ। ਦਰਅਸਲ, ਔਰਤ ਨੇ ਇਹ ਗੀਤ ਸ਼ਹਿਰ ਦੀ ਸਭ ਤੋਂ ਇਤਿਹਾਸਕ ਮਸਜਿਦ ‘ਚ ਗਾਇਆ ਹੈ।

2013 ‘ਚ ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨੇਈ ਨੇ ਇਕ ਫਤਵਾ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਔਰਤਾਂ ਦਾ ਗਾਉਣਾ ਉਦੋਂ ਹੀ ਪ੍ਰਵਾਨ ਹੋਵੇਗਾ ਜਦੋਂ ਤੱਕ ਇਸ ਨੂੰ ਸੁਣ ਕੇ ਕਿਸੇ ਦੇ ਅੰਦਰ ਗਲਤ ਵਿਚਾਰ ਪੈਦਾ ਨਹੀਂ ਹੁੰਦੇ। ਹਾਲਾਂਕਿ, ਜੇਕਰ ਅਜਿਹਾ ਹੁੰਦਾ ਹੈ ਤਾਂ ਔਰਤਾਂ ਨਾ ਤਾਂ ਇਕੱਲੀਆਂ ਗਾ ਸਕਦੀਆਂ ਹਨ ਤੇ ਨਾ ਹੀ ਸਮੂਹਾਂ ‘ਚ ਗਾ ਸਕਦੀਆਂ ਹਨ। ਉਦੋਂ ਤੋਂ ਹੀ ਔਰਤਾਂ ਦੇ ਗਾਉਣ ‘ਤੇ ਪਾਬੰਦੀ ਹੈ। ਈਰਾਨ ‘ਚ ਪਿਛਲੇ ਸਾਲ ਹੋਏ ਹਿਜਾਬ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਔਰਤਾਂ ਆਪਣੇ ‘ਤੇ ਲਗਾਈਆਂ ਗਈਆਂ ਪਾਬੰਦੀਆਂ ਖ਼ਿਲਾਫ਼ ਖੁੱਲ੍ਹ ਕੇ ਸਾਹਮਣੇ ਆ ਰਹੀਆਂ ਹਨ। ਹਾਲਾਂਕਿ, ਮਸਜਿਦ ਵਿੱਚ ਗਾਉਣ ਵਾਲੀ ਔਰਤ ਨੇ ਆਪਣਾ ਸਿਰ ਢਕਿਆ ਹੋਇਆ ਸੀ।

Add a Comment

Your email address will not be published. Required fields are marked *