ਖ਼ਾਲਿਸਤਾਨ ਦੇ ਮਾਮਲੇ ‘ਤੇ ਬੋਲੇ ਜਸਟਿਨ ਟਰੂਡੋ

ਓਟਾਵਾ : ਕੈਨੇਡਾ ਵਿਚ ਖਾਲਿਸਤਾਨ ਦੇ ਵੱਧਦੇ ਪ੍ਰਭਾਵ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਇਹਨਾਂ ਦੋਸ਼ਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿ ਕੈਨੇਡਾ ਦੀ ਸਰਕਾਰ ਦੇਸ਼ ਵਿਚ ਖਾਲਿਸਤਾਨ ਪੱਖੀ ਇਕੱਠਾਂ ਅਤੇ ਅੱਤਵਾਦੀਆਂ ਵਿਰੁੱਧ ਕਾਰਵਾਈ ਕਰਨ ਲਈ ਨਰਮੀ ਦਿਖਾਈ ਅਤੇ ਝਿਜਕਦੀ ਰਹੀ ਹੈ, ਦੇ ਜਵਾਬ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਨੇ ਅੱਤਵਾਦ ਵਿਰੁੱਧ ਹਮੇਸ਼ਾ ਗੰਭੀਰ ਕਾਰਵਾਈ ਕੀਤੀ ਹੈ” ਅਤੇ ਅਸੀਂ ਹਮੇਸ਼ਾ ਕਰਦੇ ਰਹਾਂਗੇ।” ਟਰੂਡੋ ਨੇ ਕਿਹਾ ਕਿ ਕੈਨੇਡਾ “ਬਹੁਤ ਹੀ ਵਿਭਿੰਨਤਾ ਵਾਲਾ ਦੇਸ਼” ਹੈ ਅਤੇ ਇੱਥੇ ਪ੍ਰਗਟਾਵੇ ਦੀ ਆਜ਼ਾਦੀ ਹੈ। ਪਰ ਅਸੀਂ ਇਹ ਵੀ ਯਕੀਨੀ ਬਣਾਵਾਂਗੇ ਕਿ ਹਿੰਸਾ ਅਤੇ ਕੱਟੜਪੰਥ ਦੇ ਸਾਰੇ ਰੂਪਾਂ ਦਾ ਮੁਕਾਬਲਾ ਕੀਤਾ ਜਾਵੇ। 

ਪਿਛਲੇ ਕੁਝ ਮਹੀਨਿਆਂ ਵਿੱਚ ਕੈਨੇਡਾ ਵਿੱਚ ਖਾਲਿਸਤਾਨੀ ਵੱਖਵਾਦੀਆਂ ਨਾਲ ਜੁੜੀਆਂ ਤਿੰਨ ਵੱਡੀਆਂ ਭਾਰਤ ਵਿਰੋਧੀ ਘਟਨਾਵਾਂ ਸਾਹਮਣੇ ਆਈਆਂ ਹਨ।  ਟਰੂਡੋ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕੀਤਾ ਕਿ ਉਹ ਅੱਤਵਾਦੀ ਤੱਤਾਂ ਪ੍ਰਤੀ ਨਰਮ ਹਨ। ਉਹਨਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਭਾਰਤ ਨੇ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਨੂੰ ਧਮਕੀਆਂ ਦੇਣ ਵਾਲੇ ਪੋਸਟਰਾਂ ਸਮੇਤ ਪ੍ਰਚਾਰ ਸਮੱਗਰੀ ਨੂੰ ਲੈ ਕੇ ਨਵੀਂ ਦਿੱਲੀ ਵਿੱਚ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਉਹਨਾਂ ਨੇ ਜਸਟਿਨ ਟਰੂਡੋ ਸਰਕਾਰ ਨੂੰ ਇੱਕ ਮੰਗ ਪੱਤਰ ਭੇਜਿਆ ਸੀ। ਕੈਨੇਡਾ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਨੂੰ ਦਰਸਾਉਂਦੀ ਪਰੇਡ ਦੇ ਸਬੰਧ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਟਰੂਡੋ ਨੇ ਕਿਹਾ ਕਿ “ਉਹ ਗ਼ਲਤ ਹਨ। ਕੈਨੇਡਾ ਨੇ ਹਮੇਸ਼ਾ ਹਿੰਸਾ ਅਤੇ ਹਿੰਸਾ ਦੀਆਂ ਧਮਕੀਆਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਅਸੀਂ ਹਮੇਸ਼ਾ ਅੱਤਵਾਦ ਖ਼ਿਲਾਫ਼ ਗੰਭੀਰ ਸਟੈਂਡ ਲਿਆ ਹੈ, ਕਾਰਵਾਈ ਕੀਤੀ ਹੈ ਅਤੇ ਅਸੀਂ ਹਮੇਸ਼ਾ ਕਰਾਂਗੇ।” 

ਸੂਤਰਾਂ ਮੁਤਾਬਕ ਭਾਰਤ ਨੇ ਸੋਮਵਾਰ ਨੂੰ ਕੈਨੇਡਾ ‘ਚ 8 ਜੁਲਾਈ ਨੂੰ ਹੋਣ ਵਾਲੀ ਖਾਲਿਸਤਾਨ ਸਮਰਥਕ ਰੈਲੀ ਦੀ ਜਾਣਕਾਰੀ ਵਾਲੇ ਪੋਸਟਰਾਂ ਨੂੰ ਲੈ ਕੇ ਆਪਣੇ ਡਿਪਲੋਮੈਟਾਂ ਵੱਲੋਂ ਮਿਲ ਰਹੀਆਂ ਧਮਕੀਆਂ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਪੋਸਟਰਾਂ ਵਿਚ ਕੈਨੇਡਾ ਵਿੱਚ ਭਾਰਤੀ ਰਾਜਦੂਤ ਅਤੇ ਕੌਂਸਲੇਟ ਜਨਰਲ ਨੂੰ ਧਮਕੀ ਦਿੱਤੀ ਗਈ ਹੈ। ਕਥਿਤ ਤੌਰ ‘ਤੇ ਸਿੱਖ ਵੱਖਵਾਦੀਆਂ ਵੱਲੋਂ ਪ੍ਰਸਾਰਿਤ ਪੋਸਟਰਾਂ ਵਿਚ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਟੋਰਾਂਟੋ ਵਿੱਚ ਭਾਰਤ ਦੇ ਕੌਂਸਲ ਜਨਰਲ ਅਪੂਰਵਾ ਸ਼੍ਰੀਵਾਸਤਵ ਦੇ ਨਾਮ ਲਿਆ ਗਿਆ ਹੈ ਅਤੇ ਉਹਨਾਂ ‘ਤੇ ਜੂਨ ਵਿੱਚ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਅਤੇ ਨਾਮਜ਼ਦ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭੂਮਿਕਾ ਨਿਭਾਉਣ ਦਾ ਦੋਸ਼ ਲਗਾਇਆ ਗਿਆ ਹੈ। 8 ਜੁਲਾਈ ਦੀ ਰੈਲੀ ਕੈਨੇਡਾ ਦੇ ਸਰੀ ‘ਚ 18 ਜੂਨ ਨੂੰ ਗੋਲੀਬਾਰੀ ‘ਚ ਮਾਰੇ ਗਏ ਖਾਲਿਸਤਾਨੀ ਅੱਤਵਾਦੀ ਹਰਜੀਤ ਸਿੰਘ ਨਿੱਝਰ ਉਰਫ ਹਰਦੀਪ ਸਿੰਘ ਨਿੱਝਰ ਦੇ ਨਾਂ ‘ਤੇ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਕਿਹਾ ਕਿ ਕੈਨੇਡਾ ਵਿੱਚ 8 ਜੁਲਾਈ ਨੂੰ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨ ਦੇ ਸਬੰਧ ਵਿੱਚ ਸਾਹਮਣੇ ਆਏ ਕੁਝ “ਅਸਵੀਕਾਰਨਯੋਗ” ਪੋਸਟਰਾਂ ਦੇ ਮੱਦੇਨਜ਼ਰ ਉਨ੍ਹਾਂ ਦਾ ਦੇਸ਼ ਭਾਰਤੀ ਅਧਿਕਾਰੀਆਂ ਦੇ ਨਾਲ ਨਜ਼ਦੀਕੀ ਸੰਪਰਕ ਵਿੱਚ ਹੈ, ਜਿਨ੍ਹਾਂ ਵਿੱਚ ਚੋਟੀ ਦੇ ਭਾਰਤੀ ਡਿਪਲੋਮੈਟ ਦੇ ਨਾਮ ਅਤੇ ਤਸਵੀਰਾਂ ਸ਼ਾਮਲ ਹਨ।  ਮੇਲਾਨੀ ਜੋਲੀ ਨੇ ਟਵਿੱਟਰ ‘ਤੇ ਸਾਂਝੇ ਕੀਤੇ ਆਪਣੇ ਬਿਆਨ ਵਿੱਚ ਕਿਹਾ ਕਿ “ਕੈਨੇਡਾ ਡਿਪਲੋਮੈਟਾਂ ਦੀ ਸੁਰੱਖਿਆ ਦੇ ਸਬੰਧ ਵਿੱਚ ਵਿਆਨਾ ਕਨਵੈਨਸ਼ਨ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਯੋਜਨਾਬੱਧ ਵਿਰੋਧ ਪ੍ਰਦਰਸ਼ਨਾਂ ਦੇ ਸਬੰਧ ਵਿੱਚ ਆਨਲਾਈਨ ਪ੍ਰਸਾਰਿਤ ਹੋਣ ਵਾਲੀ ਕੁਝ ਪ੍ਰਚਾਰ ਸਮੱਗਰੀ ਦੀ ਰੌਸ਼ਨੀ ਵਿੱਚ ਕੈਨੇਡਾ ਭਾਰਤ ਦੇ ਨਜ਼ਦੀਕੀ ਸੰਪਰਕ ਵਿੱਚ ਹੈ। ਅਸੀਂ ਜਾਣਦੇ ਹਾਂ ਕਿ ਕੁਝ ਲੋਕਾਂ ਦੀਆਂ ਕਾਰਵਾਈਆਂ ਸਮੁੱਚੇ ਕੈਨੇਡਾ ਜਾਂ ਭਾਈਚਾਰੇ ਲਈ ਨਹੀਂ ਬੋਲਦੀਆਂ।” ਉੱਧਰ ਦਿੱਲੀ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੈਨੇਡਾ, ਬ੍ਰਿਟੇਨ ਅਤੇ ਆਸਟ੍ਰੇਲੀਆ ਵਰਗੇ ਭਾਈਵਾਲ ਦੇਸ਼ਾਂ ਨੂੰ ਖਾਲਿਸਤਾਨੀਆਂ ਨੂੰ ਥਾਂ ਨਾ ਦੇਣ ਦੀ ਬੇਨਤੀ ਕੀਤੀ ਹੈ ਕਿਉਂਕਿ ਇਹ ਕੱਟੜਪੰਥੀ ਵਿਚਾਰਧਾਰਾ ਉਨ੍ਹਾਂ ਦੇ ਸਬੰਧਾਂ ਲਈ ਠੀਕ ਨਹੀਂ ਹੈ।

Add a Comment

Your email address will not be published. Required fields are marked *