ਗੈਸ ਲੀਕ ਹੋਣ ਕਾਰਨ 3 ਬੱਚਿਆਂ ਸਮੇਤ 16 ਲੋਕਾਂ ਦੀ ਮੌਤ

ਜੋਹਾਨਸਬਰਗ – ਦੱਖਣੀ ਅਫਰੀਕੀ ਸ਼ਹਿਰ ਬੋਕਸਬਰਗ ਵਿੱਚ ਇੱਕ ਸਿਲੰਡਰ ਵਿੱਚੋਂ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 3 ਬੱਚਿਆਂ ਸਮੇਤ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਦੱਖਣੀ ਅਫਰੀਕੀ ਪੁਲਸ ਨੇ ਇਹ ਜਾਣਕਾਰੀ ਦਿੱਤੀ। ਐਮਰਜੈਂਸੀ ਸੇਵਾਵਾਂ ਮੁਤਾਬਕ ਘੱਟੋ-ਘੱਟ 24 ਲੋਕਾਂ ਦੀ ਮੌਤ ਦਾ ਖ਼ਦਸ਼ਾ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਪੁਲਸ ਅਤੇ ਐਮਰਜੈਂਸੀ ਸੇਵਾਵਾਂ ਵੱਲੋਂ ਦੱਸੀ ਗਈ ਮੌਤ ਦੀ ਗਿਣਤੀ ਵਿੱਚ ਅੰਤਰ ਕਿਉਂ ਹੈ।

ਦੱਖਣੀ ਅਫਰੀਕੀ ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਹਾਦਸਾ ਜੋਹਾਨਸਬਰਗ ਦੇ ਪੂਰਬੀ ਬਾਹਰੀ ਇਲਾਕੇ ‘ਚ ਸਥਿਤ ਬੋਕਸਬਰਗ ਸ਼ਹਿਰ ਵਿਚ ਇਕ ਬਸਤੀ ‘ਚ ਵਾਪਰਿਆ। ਐਮਰਜੈਂਸੀ ਸੇਵਾਵਾਂ ਦੇ ਬੁਲਾਰੇ ਵਿਲੀਅਮ ਨਟਲਾਡੀ ਨੇ ਦੱਸਿਆ ਕਿ ਐਂਜਲੋ ਬਸਤੀ ਵਿੱਚ ਇੱਕ ਝੌਂਪੜੀ ਵਿੱਚ ਰੱਖੇ ਇੱਕ ਗੈਸ ਸਿਲੰਡਰ ਵਿਚੋਂ ਗੈਸ ਲੀਕ ਹੋਣ ਕਾਰਨ ਇਹ ਹਾਦਸਾ ਵਾਪਰਿਆ। ਹੁਣ ਗੈਸ ਲੀਕ ਹੋਣੀ ਬੰਦ ਹੋ ਗਈ ਹੈ ਅਤੇ ਬਚਾਅ ਕਰਮਚਾਰੀ ਮੌਕੇ ‘ਤੇ ਜ਼ਖਮੀਆਂ ਦੀ ਭਾਲ ਕਰ ਰਹੇ ਹਨ। ਨਟਲਾਡੀ ਨੇ ਕਿਹਾ, “ਲਾਸ਼ਾਂ ਘਟਨਾ ਸਥਾਨ ‘ਤੇ ਅਤੇ ਉਸ ਦੇ ਆਲੇ-ਦੁਆਲੇ ਪਈਆਂ ਹਨ।” ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ ਅਤੇ ਮਾਹਿਰ ਮੌਕੇ ‘ਤੇ ਪਹੁੰਚ ਰਹੇ ਹਨ। ਪਿਛਲੇ ਸਾਲ ਬੋਕਸਬਰਗ ਵਿੱਚ ਕ੍ਰਿਸਮਿਸ ਦੀ ਸ਼ਾਮ ਨੂੰ ਇੱਕ ਪੁਲ ਦੇ ਹੇਠਾਂ ਲਿਕੁਇਫਾਈਡ ਪੈਟਰੋਲੀਅਮ ਗੈਸ ਨਾਲ ਭਰਿਆ ਇੱਕ ਟਰੱਕ ਫਸਣ ਕਾਰਨ ਧਮਾਕੇ ਵਿੱਚ 41 ਲੋਕਾਂ ਦੀ ਮੌਤ ਹੋ ਗਈ ਸੀ।

Add a Comment

Your email address will not be published. Required fields are marked *