ਬ੍ਰਿਟਿਸ਼ ਕੋਲੰਬੀਆ ‘ਚ ਇੰਡੋ-ਕੈਨੇਡੀਅਨ ‘ਗੈਂਗਸਟਰ’ ਦਾ ਗੋਲੀਆਂ ਮਾਰ ਕੇ ਕਤਲ

ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਮੁਤਾਬਕ ਕੈਨੇਡਾ ‘ਚ ਭਾਰਤੀ ਮੂਲ ਦੇ ਗੈਂਗਸਟਰ ਕਰਨਵੀਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਥਾਨਕ ਪੁਲਸ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਐਤਵਾਰ ਨੂੰ ਇੱਕ 25 ਸਾਲਾ ਭਾਰਤੀ-ਕੈਨੇਡੀਅਨ ਵਿਅਕਤੀ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ, ਜਿਸ ਮਗਰੋਂ ਉਸ ਦੀ ਮੌਤ ਹੋ ਗਈ। ਕੈਨੇਡਾ ਦੀ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐਚਆਈਟੀ) ਨੇ ਪੀੜਤ ਦੀ ਪਛਾਣ 25 ਸਾਲਾ ਕਰਨਵੀਰ ਸਿੰਘ ਗਰਚਾ ਵਜੋਂ ਕੀਤੀ ਹੈ। ਪੁਲਸ ਨੇ ਦੱਸਿਆ ਕਿ ਕਰਨਵੀਰ ਸਿੰਘ ਗੈਂਗਸਟਰ ਗੈਂਗ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸੀ।

ਆਈਐਚਆਈਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਰਾਤ 9:20 ਵਜੇ ਦੇ ਕਰੀਬ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (ਆਰ.ਸੀ.ਐਮ.ਪੀ.) ਦੀ ਇੱਕ ਟੁਕੜੀ ਕੋਕੁਇਟਲਮ ਕਸਬੇ ਵਿੱਚ ਗੋਲੀਬਾਰੀ ਦੀ ਘਟਨਾ ਵਾਲੀ ਥਾਂ ‘ਤੇ ਪਹੁੰਚੀ, ਜਿੱਥੇ ਕਰਨਵੀਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਪਾਇਆ ਗਿਆ, ਜਿਸ ਤੋਂ ਬਾਅਦ ਉਸਦੀ ਜਾਨ ਬਚਾਉਣ ਲਈ ਕਾਰਵਾਈ ਕੀਤੀ ਗਈ। ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਪਰ ਗੰਭੀਰ ਰੂਪ ‘ਚ ਜ਼ਖਮੀ ਕਰਨਵੀਰ ਸਿੰਘ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਕਰਨਵੀਰ ਸਿੰਘ ਗਰਚਾ ਨੂੰ ਗੋਲੀਆਂ ਮਾਰਨ ਤੋਂ ਕੁਝ ਮਿੰਟ ਪਹਿਲਾਂ ਇੱਕ ਕੰਡੋ ਕੰਪਲੈਕਸ ਵਿੱਚ ਛੱਡਿਆ ਗਿਆ ਸੀ। 

ਆਈਐਚਆਈਟੀ ਅਧਿਕਾਰੀ ਟਿਮੋਥੀ ਪਿਰੋਟੀ ਨੇ ਕਿਹਾ ਕਿ “ਅਸੀਂ ਕਰਨਵੀਰ ਸਿੰਘ ਦਾ ਕਤਲ ਕਰਨ ਵਾਲੇ ਮੁਲਜ਼ਮ ਦੀ ਭਾਲ ਕਰ ਰਹੇ ਹਾਂ ਅਤੇ ਉਨ੍ਹਾਂ ਲੋਕਾਂ ਦੀ ਭਾਲ ਕਰ ਰਹੇ ਹਾਂ ਜੋ ਕੁਝ ਦਿਨਾਂ ਤੋਂ ਮ੍ਰਿਤਕ ਗਰਚਾ ਦੇ ਸੰਪਰਕ ਵਿੱਚ ਸਨ, ਜਿਨ੍ਹਾਂ ਵਿੱਚ ਉਸਦਾ ਸਾਬਕਾ ਡਰਾਈਵਰ ਵੀ ਸ਼ਾਮਲ ਹੈ।” ਪਿਛਲੇ ਸਾਲ ਦਸੰਬਰ ਵਿੱਚ ਕੈਨੇਡਾ ਦੀ ਸਰੀ ਸਿਟੀ ਪੁਲਸ ਨੇ ਕਰਨਵੀਰ ਸਿੰਘ ਗਰਚਾ ਸਮੇਤ ਗੈਂਗਸਟਰ ਗਤੀਵਿਧੀਆਂ ਵਿੱਚ ਸ਼ਾਮਲ ਦੋ ਇੰਡੋ-ਕੈਨੇਡੀਅਨਾਂ ਨੂੰ ਜਨਤਕ ਸੁਰੱਖਿਆ ਚੇਤਾਵਨੀਆਂ ਵੀ ਜਾਰੀ ਕੀਤੀਆਂ ਸਨ। ਉਸ ਸਮੇਂ ਸਰੀ ਦੀ ਆਰਸੀਐਮਪੀ ਪੁਲਸ ਨੇ ਇੱਕ ਚੇਤਾਵਨੀ ਵਿੱਚ ਕਿਹਾ ਸੀ ਕਿ “ਇਨ੍ਹਾਂ ਲੋਕਾਂ ਦੀਆਂ ਤਾਰਾਂ ਹਾਈ ਪ੍ਰੋਫਾਈਲ ਅਪਰਾਧੀਆਂ ਨਾਲ ਜੁੜੀਆਂ ਹੋਈਆਂ ਹਨ, ਇਸ ਲਈ ਇਹਨਾਂ ਲੋਕਾਂ ਕਾਰਨ ਜਨਤਕ ਸੁਰੱਖਿਆ ਨੂੰ ਖ਼ਤਰਾ ਹੈ, ਇਸ ਲਈ ਇਹ ਚੇਤਾਵਨੀ ਜਾਰੀ ਕੀਤੀ ਜਾ ਰਹੀ ਹੈ।” 

ਪੁਲਸ ਦਾ ਮੰਨਣਾ ਹੈ ਕਿ ਕਰਨਵੀਰ ਸਿੰਘ ਦੇ ਕਤਲ ਵਿੱਚ ਉਸ ਨੂੰ ਜਾਣਨ ਵਾਲੇ ਲੋਕ ਹੀ ਸ਼ਾਮਲ ਹੋ ਸਕਦੇ ਹਨ, ਇਸ ਲਈ ਉਸ ਦੇ ਕਰੀਬੀਆਂ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਕਰਣਵੀਰ ਜਿਸ ਗਿਰੋਹ ਨਾਲ ਜੁੜਿਆ ਹੋਇਆ ਸੀ, ਉਹ ਲੁੱਟ-ਖੋਹ, ਤਸਕਰੀ, ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਅਤੇ ਕਈ ਹਿੰਸਕ ਵਾਰਦਾਤਾਂ ਵਿੱਚ ਸ਼ਾਮਲ ਸੀ। ਕਰਨਵੀਰ ਸਿੰਘ ਗਰਚਾ ਇਸ ਸਾਲ ਮਾਰਿਆ ਜਾਣ ਵਾਲਾ ਪਹਿਲਾ ਇੰਡੋ-ਕੈਨੇਡੀਅਨ ਗੈਂਗਸਟਰ ਨਹੀਂ ਹੈ। ਇਸ ਸਾਲ ਮਈ ਵਿੱਚ ਅਮਰਪ੍ਰੀਤ ਸਮਰਾ (28) ਦਾ ਵੈਨਕੂਵਰ ਵਿੱਚ ਇੱਕ ਬੈਂਕੁਏਟ ਹਾਲ ਦੇ ਬਾਹਰ ਕਥਿਤ ਤੌਰ ‘ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵੈਨਕੂਵਰ ਪੁਲਸ ਨੇ ਉਸ ਸਮੇਂ ਕਿਹਾ ਸੀ ਕਿ ਅਮਰਪ੍ਰੀਤ ਦੀ ਮੌਤ ਗੈਂਗ ਵਾਰ ਕਾਰਨ ਹੋਈ ਹੈ।

Add a Comment

Your email address will not be published. Required fields are marked *