‘ਰੂਹ ਪੰਜਾਬ ਦੀ’ ਅਕਾਦਮੀ ਮੈਲਬੌਰਨ ਵੱਲੋਂ ਕਰਵਾਇਆ ਸੱਭਿਆਚਾਰਕ ਮੇਲਾ ਸਫਲ ਰਿਹਾ

ਮੈਲਬੌਰਨ– ਪੰਜਾਬੀ ਲੋਕ ਨਾਚਾਂ ਨੂੰ ਸਮਰਪਿਤ ਅਕਾਦਮੀ ‘ਰੂਹ ਪੰਜਾਬ ਦੀ’ ਮੈਲਬੋਰਨ ਵੱਲੋਂ 2 ਜੁਲਾਈ ਨੂੰ ਵਿਲੀਅਮਜ਼ਟਾਊਨ ਟਾਊਨ ਹਾਲ ਵਿੱਚ ਇੱਕ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰੂਹ ਪੰਜਾਬ ਦੀ ਅਕਾਦਮੀ ਵੱਲੋਂ ਲੋਕ ਨਾਚਾਂ ਦੀਆਂ ਬਾਰੀਕੀਆਂ ਸਿੱਖ ਰਹੇ ਬੱਚਿਆਂ ਨੇ ਕੀਤੀ। ਬੱਚਿਆਂ ਨੇ ਵੱਖ-ਵੱਖ ਪੰਜਾਬੀ ਗੀਤਾਂ ‘ਤੇ ਪੇਸ਼ਕਾਰੀਆਂ ਦੇ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਪੰਜਾਬੀ ਮੁਟਿਆਰਾਂ ਅਤੇ ਗੱਭਰੂਆਂ ਵੱਲੋਂ ਪੇਸ਼ ਗਿੱਧਾ ਭੰਗੜਾ ਪ੍ਰੋਗਰਾਮ ਦਾ ਸਿਖਰ ਹੋ ਨਿਬੜਿਆ।

ਇਸ ਪ੍ਰੋਗਰਾਮ ਦੀ ਖਾਸੀਅਤ ਇਹ ਰਹੀ ਕਿ ਹਰ ਵਰਗ ਦੇ ਲੋਕਾਂ ਨੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ। ਇਸ ਮੌਕੇ ਮੈਲਬੋਰਨ ਵਸਦੇ ਪੰਜਾਬੀ ਗਾਇਕ ਨਵੀ ਬਾਵਾ ਨੇ ਆਪਣੇ ਗੀਤਾਂ ‘ਡੀਬੇਟ’, ‘ਸਲਾਹਾਂ’, ‘ਜਾਨ ਕੱਢਕੇ’ ਨਾਲ ਆਪਣੀ ਭਰਵੀਂ ਹਾਜ਼ਰੀ ਲਗਵਾਈ। ਉਪਰੰਤ ਮਸ਼ਹੂਰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਤਾਂ ਸਾਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਕੁਲਵਿੰਦਰ ਨੇ ‘ਜ਼ਿੰਦਗੀ’, ‘ਮਿਰਜ਼ਾ’, ‘ਪਲਾਜ਼ੋ’, ‘ਟਾਈਮ ਟੇਬਲ’, ‘ਸੁੱਚਾ ਸੂਰਮਾ’ ,’ਤੇਰੀ ਮੇਰੀ ਜੋੜੀ’, ‘ ਅੰਗਰੇਜ਼ੀ ‘ ਸਮੇਤ ਅਨੇਕਾਂ ਗੀਤ ਗਾ ਕੇ ਮੇਲਾ ਲੁੱਟ ਲਿਆ। ਬਿੱਲੇ ਦੇ ਗੀਤਾਂ ਦਾ ਐਸਾ ਜਾਦੂ ਚੱਲਿਆ ਕਿ ਦਰਸ਼ਕ ਨੱਚਣੋਂ ਨਾ ਰਹਿ ਸਕੇ।

ਮੁੱਖ ਪ੍ਰਬੰਧਕ ਮਨਜਿੰਦਰ ਸੈਣੀ, ਤਰਵਿੰਦਰ ਢਿੱਲੋ ਅਤੇ ਹਰਜੀਤ ਸਿੰਘ ਨੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਲਾ ਕਰਵਾਉਣ ਦਾ ਉਦੇਸ਼ ਅਜੋਕੀ ਤੇਜ਼ ਰਫਤਾਰ ਜ਼ਿੰਦਗੀ ਵਿੱਚੋਂ ਵਿਸਰ ਰਹੀਆਂ ਸੱਭਿਆਚਾਰਕ ਵੰਨਗੀਆਂ ਨੂੰ ਕਾਇਮ ਰੱਖਣਾ ਹੈ ਅਤੇ ‘ਰੂਹ ਪੰਜਾਬ ਦੀ’ ਅਕਾਦਮੀ ਵਿਦੇਸ਼ਾਂ ਵਿੱਚ ਜੰਮ ਪਲ ਬੱਚਿਆਂ ਨੂੰ ਵਿਰਸੇ ਅਤੇ ਵਿਰਾਸਤ ਨਾਲ ਜੋੜਨ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਆਪਣੀ ਵਿਰਾਸਤ ਅਤੇ ਵਿਰਸੇ ਨੂੰ ਸਾਂਭਣ ਲਈ ਰੂਹ ਪੰਜਾਬ ਦੀ ਅਕਾਦਮੀ ਵਲੋਂ ਸਮੇਂ-ਸਮੇਂ ਸਿਰ ਸੱਭਿਆਚਾਰਕ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸ ਮੌਕੇ ਭਾਗ ਲੈਣ ਪ੍ਰਤੀਯੋਗੀਆਂ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤੇ ਗਏ। ਮੰਚ ਸੰਚਾਲਣ ਦੀ ਸੇਵਾ ਰੁਪਿੰਦਰ ਗੁਰਮ ਬੱਤਰਾ, ਕੁਲਦੀਪ ਕੌਰ ਅਤੇ ਜਗਦੀਪ ਸਿੱਧੂ ਵੱਲੋਂ ਸਾਂਝੇ ਤੌਰ ‘ਤੇ ਨਿਭਾਈ ਗਈ। ਕੁੱਲ ਮਿਲਾ ਕੇ ਇਹ ਸੱਭਿਆਚਾਰਕ ਮੇਲਾ ਨਵੇਂ ਕੀਰਤੀਮਾਨ ਸਥਾਪਿਤ ਕਰ ਗਿਆ।

Add a Comment

Your email address will not be published. Required fields are marked *