ਵੇਟਲਿਫਟਰ ਪਰਮਵੀਰ ਦੀ ਭਾਰਤੀ ਟੀਮ ’ਚ ਹੋਈ ਚੋਣ

ਚੰਡੀਗੜ੍ਹ : ਸ਼ਹਿਰ ਦੇ ਵੇਟਲਿਫਟਰ ਪਰਮਵੀਰ ਦੀ ਚੋਣ ਭਾਰਤੀ ਟੀਮ ਵਿਚ ਹੋਈ ਹੈ। ਉਹ ਕਾਮਨਵੈਲਥ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿਚ ਦੇਸ਼ ਦੀ ਤਰਜ਼ਮਾਨੀ ਕਰੇਗਾ। ਉਸਨੇ ਐੱਨ. ਆਈ. ਐੱਸ. ਪਟਿਆਲਾ ਵਿਚ ਨੈਸ਼ਨਲ ਟ੍ਰਾਇਲ ਵਿਚ ਰਿਕਾਰਡ ਪ੍ਰਫਾਰਮੈਂਸ ਨਾਲ ਭਾਰਤੀ ਟੀਮ ਵਿਚ ਆਪਣੀ ਜਗ੍ਹਾ ਪੱਕੀ ਕੀਤੀ। ਇਹ ਪਹਿਲਾ ਮੌਕਾ ਹੈ , ਜਦੋਂ ਅੰਤਰਰਾਸ਼ਟਰੀ ਪੱਧਰ ’ਤੇ ਚੰਡੀਗੜ੍ਹ ਦਾ ਕੋਈ ਵੇਟ ਲਿਫਟਰ ਨੈਸ਼ਨਲ ਟੀਮ ਦਾ ਹਿੱਸਾ ਬਣੇਗਾ।

ਟ੍ਰਾਇਲ ਦੌਰਾਨ ਪਰਮਵੀਰ ਨੇ 177 ਕਿਲੋਗ੍ਰਾਮ ਕਲੀਨ ਐਂਡ ਜਰਕ ਵਿਚ ਲਿਫਟ ਕਰਦਿਆਂ ਆਪਣਾ ਹੀ ਪੁਰਾਣਾ ਰਿਕਾਰਡ ਤੋੜਿਆ। ਉਸ ਨੇ ਨੈਸ਼ਨਲ ਅਤੇ ਖੇਲੋ ਇੰਡੀਆ ਗੇਮਜ਼ ਵਿਚ 176 ਕਿਲੋ ਲਿਫਟ ਕਰਦਿਆਂ ਨਾਂ ਰਿਕਾਰਡ ਬੁੱਕ ਵਿਚ ਦਰਜ ਕਰਵਾਇਆ ਸੀ। ਚੰਡੀਗੜ੍ਹ ਦੇ ਡਾਇਰੈਕਟਰ ਸਪੋਰਟਸ ਸੌਰਭ ਅਰੋੜਾ ਨੇ ਪਰਮਵੀਰ ਦੀ ਹੌਂਸਲਾ ਅਫਜ਼ਾਈ ਕਰਦੇ ਰਹੇ ਹਨ। ਕਾਮਨਵੈਲਥ ਵੇਟਲਿਫਟਿੰਗ ਚੈਂਪੀਅਨਸ਼ਿਪ ਨੋਇਡਾ ਵਿਚ ਗੌਤਮ ਬੁੱਧ ਯੂਨੀਵਰਸਿਟੀ ਵਿਚ 11 ਤੋਂ 17 ਜੁਲਾਈ ਤਕ ਖੇਡੀ ਜਾਵੇਗੀ ਅਤੇ ਏਸ਼ੀਅਨ ਚੈਂਪੀਅਨਸ਼ਿਪ ਇਸ ਜਗ੍ਹਾ 28 ਜੁਲਾਈ ਤੋਂ 5 ਅਗਸਤ ਤਕ ਹੋਵੇਗੀ।

ਪਰਮਵੀਰ ਨੇ ਕੁਝ ਮਹੀਨੇ ਪਹਿਲਾਂ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਜੂਨੀਅਰ ਅਤੇ ਸਬ-ਜੂਨੀਅਰ ਕੈਟੇਗਰੀ ਵਿਚ 2 ਗੋਲਡ ਜਿੱਤਣ ਦੇ ਨਾਲ-ਨਾਲ 4 ਨਵੇਂ ਰਿਕਾਰਡ ਵੀ ਬਣਾਏ ਸਨ। ਉਸੇ ਤਰਜ ’ਤੇ ਹੁਣ ਫਿਰ ਇਕ ਵਾਰ ਆਪਣਾ ਹੀ ਰਿਕਾਰਡ ਤੋੜ ਕੇ ਭਾਰਤੀ ਟੀਮ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

ਚਿਤਕਾਰਾ ਸਕੂਲ ਦੇ ਵਿਦਿਆਰਥੀ ਪਰਮਵੀਰ ਦੇ ਕੋਚ ਕਰਨਵੀਰ ਸਿੰਘ ਬੁੱਟਰ ਨੇ ਕਿਹਾ ਕਿ 10 ਸਾਲ ਦੀ ਉਮਰ ਵਿਚ ਪਰਮਵੀਰ ਨੇ ਵੇਟਲਿਫਟਿੰਗ ਦੀ ਸ਼ੁਰੂਆਤ ਕੀਤੀ ਸੀ। ਉਹ ਸੈਕਟਰ-42 ਵਿਚ ਟ੍ਰੇਨਿੰਗ ਲੈ ਰਿਹਾ ਸੀ। ਉਸਦੇ ਪਿਤਾ ਅਤੇ ਭਰਾ ਦੋਵੇਂ ਹੀ ਵੇਟਲਿਫਟਰ ਹਨ। ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਉਸ ਨੇ ਵੀ ਵੇਟਲਿਫਟਿੰਗ ਸ਼ੁਰੂ ਕੀਤੀ ਸੀ। 2022 ’ਚ ਭੁਵਨੇਸ਼ਵਰ ਨੈਸ਼ਨਲ ਵਿਚ ਪਹਿਲੀ ਵਾਰ ਖੇਡਿਆ ਸੀ ਅਤੇ ਗੋਲਡ ਮੈਡਲ ਜਿੱਤਿਆ ਸੀ। ਪੰਚਕੂਲਾ ਗੇਮਜ਼ ਵਿਚ ਵੀ ਬਰਾਂਜ ਮੈਡਲ ਜਿੱਤਣ ਤੋਂ ਬਾਅਦ ਤਮਿਲਨਾਡੂ ਨੈਸ਼ਨਲ ਵਿਚ ਇਕੱਠੇ ਦੋ ਗੋਲਡ ਮੈਡਲ ਜਿੱਤੇ ਸਨ। ਇਸਤੋਂ ਬਾਅਦ ਮੱਧ ਪ੍ਰਦੇਸ਼ ਵਿਚ ਹੋਈਆਂ ਖੇਲੋ ਇੰਡੀਆ ਗੇਮਜ਼ ਵਿਚ ਵੀ ਚੰਡੀਗੜ੍ਹ ਲਈ ਗੋਲਡ ਮੈਡਲ ਜਿੱਤਿਆ ਸੀ।

ਪਰਮਵੀਰ ਨੇ ਨੈਸ਼ਨਲ ਟ੍ਰਾਇਲ ਵਿਚ ਕੁੱਲ 319 ਕਿਲੋਗ੍ਰਾਮ ਭਾਰ ਚੁੱਕਿਆ ਸੀ। ਉਸ ਨੇ ਸਨੈਚ ਵਿਚ 142 ਕਿਲੋ, ਜਦੋਂਕਿ ਜਰਕ ਵਿਚ 177 ਕਿਲੋਗ੍ਰਾਮ ਭਾਰ ਚੁੱਕ ਕੇ ਨਵਾਂ ਰਿਕਾਰਡ ਬਣਾਇਆ। ਉਸਨੇ ਤਮਿਲਨਾਡੂ ਨੈਸ਼ਨਲ ਵਿਚ ਵੀ 319 ਕਿਲੋ ਭਾਰ ਹੀ ਚੁੱਕਿਆ ਸੀ ਅਤੇ ਜੂਨੀਅਰ ਅਤੇ ਸਬ-ਜੂਨੀਅਰ ਦੋਵਾਂ ਸ਼੍ਰੇਣੀਆਂ ਵਿਚ ਗੋਲਡ ਮੈਡਲ ਜਿੱਤਿਆ ਸੀ।

Add a Comment

Your email address will not be published. Required fields are marked *