ਨਿਊਜ਼ੀਲੈਂਡ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ

ਸਰਹੱਦੀ ਬਲਾਕ ਕਲਾਨੌਰ ਅਧੀਨ ਪੈਂਦੇ ਕਸਬਾ ਵਡਾਲਾ ਬਾਂਗਰ ਦੇ ਨੌਜਵਾਨ ਕੰਵਲਜੀਤ ਸਿੰਘ (24) ਪੁੱਤਰ ਮਲੂਕ ਸਿੰਘ, ਜੋ ਰੋਜ਼ੀ-ਰੋਟੀ ਕਮਾਉਣ ਲਈ ਨਿਊਜ਼ੀਲੈਂਡ ਵਿਖੇ ਗਿਆ ਹੋਇਆ ਸੀ, ਦੀ ਅਚਾਨਕ ਮੌਤ ਹੋਣ ਦਾ ਦੁੱਖ ਭਰਿਆ ਸਮਾਚਾਰ ਮਿਲਣ ’ਤੇ ਪਰਿਵਾਰ ਤੇ ਇਲਾਕੇ ’ਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ।

ਇਸ ਸਬੰਧੀ ਮ੍ਰਿਤਕ ਕੰਵਲਜੀਤ ਸਿੰਘ ਦੇ ਜੀਜਾ ਸਰਪੰਚ ਮੇਜਰ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਜ ਸਵੇਰੇ ਤੜਕਸਾਰ ਕੰਵਲਜੀਤ ਸਿੰਘ ਦੇ ਦੋਸਤ ਮਾਨਵਵੀਰ ਸਿੰਘ ਭੁੱਲਰ ਨੇ ਫੋਨ ’ਤੇ ਕੰਵਲਜੀਤ ਸਿੰਘ ਦੇ ਪਿਤਾ ਮਲੂਕ ਸਿੰਘ ਨੂੰ ਦੱਸਿਆ ਕਿ ਕੰਵਲਜੀਤ ਦੀ ਮੌਤ ਹੋ ਗਈ ਹੈ। ਉਸ ਨੇ ਦੱਸਿਆ ਕਿ ਕੰਵਲਜੀਤ ਰੋਜ਼ਾਨਾ 5 ਵਜੇ ਆਪਣੀ ਡਿਊਟੀ ’ਤੇ ਚਲਾ ਜਾਂਦਾ ਸੀ ਅਤੇ ਅੱਜ ਸਵੇਰੇ ਉਨ੍ਹਾਂ 6 ਵਜੇ ਦੇ ਕਰੀਬ ਵੇਖਿਆ ਕਿ ਉਸ ਦੀ ਗੱਡੀ ਘਰ ਦੇ ਬਾਹਰ ਖੜ੍ਹੀ ਹੈ। ਉਪਰੰਤ ਜਦੋਂ ਉਹ ਕੰਵਲਜੀਤ ਸਿੰਘ ਦੇ ਕਮਰੇ ਵਿਚ ਗਏ ਤਾਂ ਉਨ੍ਹਾਂ ਵੇਖਿਆ ਕਿ ਉਹ ਬਿਸਤਰੇ ’ਚ ਬੇਹੋਸ਼ ਪਿਆ ਹੋਇਆ ਸੀ।

ਇਸ ਸਬੰਧੀ ਉਨ੍ਹਾਂ ਐਂਬੂਲੈਂਸ ਨੂੰ ਫੋਨ ਕੀਤਾ ਤਾਂ ਡਾਕਟਰਾਂ ਵੱਲੋਂ ਜਦੋਂ ਕੰਵਲਜੀਤ ਦਾ ਚੈੱਕਅਪ ਕੀਤਾ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮੇਜਰ ਸਿੰਘ ਨੇ ਦੱਸਿਆ ਕਿ ਕੰਵਲਜੀਤ ਸਿੰਘ 6 ਸਾਲ ਪਹਿਲਾਂ ਨਿਊਜ਼ੀਲੈਂਡ ’ਚ ਸਟੱਡੀ ਵੀਜ਼ੇ ’ਤੇ ਗਿਆ ਸੀ ਅਤੇ ਤਕਰੀਬਨ ਇਕ ਸਾਲ ਪਹਿਲਾਂ ਹੀ ਉਸ ਨੂੰ ਪੀ. ਆਰ. ਮਿਲੀ ਸੀ। ਕੰਵਲਜੀਤ ਨੇ ਜਨਵਰੀ ਮਹੀਨੇ ਵਤਨ ਪਰਤਣਾ ਸੀ।

Add a Comment

Your email address will not be published. Required fields are marked *