ਸੁਰੇਸ਼ ਰੈਨਾ ਨੇ ਭਾਰਤੀ ਕ੍ਰਿਕਟ ਤੋਂ ਸੰਨਿਆਸ ਲਿਆ

ਨਵੀਂ ਦਿੱਲੀ:ਸਾਬਕਾ ਭਾਰਤੀ ਬੱਲੇਬਾਜ਼ ਸੁਰੇਸ਼ ਰੈਨਾ (35) ਨੇ ਅੱਜ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ, ਜਿਸ ਨਾਲ ਹੁਣ ਉਹ ਵਿਦੇਸ਼ਾਂ ਵਿੱਚ ਹੋਣ ਵਾਲੀ ਟੀ-20 ਲੀਗ ਵਿੱਚ ਖੇਡਣ ਦੇ ਯੋਗ ਹੋ ਗਿਆ ਹੈ। ਰੈਨਾ ਨੇ 15 ਅਗਸਤ, 2020 ਨੂੰ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਲੈਣ ਦਾ ਐਲਾਨ ਕਰਨ ਮਗਰੋਂ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਉਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ 2021 ਤੋਂ ਖੇਡਣਾ ਜਾਰੀ ਰੱਖਿਆ ਸੀ ਪਰ 2022 ਸੀਜ਼ਨ ਦੌਰਾਨ ਚੇਨੱਈ ਸੁਪਰ ਕਿੰਗਜ਼ ਨੇ ਉਸ ਨੂੰ ਆਪਣੀ ਟੀਮ ਵਿੱਚ ਨਹੀਂ ਰੱਖਿਆ ਸੀ। ਰੈਨਾ ਨੇ ਭਾਰਤੀ ਕ੍ਰਿਕਟ ਬੋਰਡ, ਉੱਤਰ ਪ੍ਰਦੇਸ਼ ਕ੍ਰਿਕਟ ਸੰਘ ਅਤੇ ਚੇਨੱਈ ਸੁਪਰ ਕਿੰਗਜ਼ ਦਾ ਧੰਨਵਾਦ ਕਰਦਿਆਂ ਟਵੀਟ ਕੀਤਾ, ‘‘ਆਪਣੇ ਦੇਸ਼ ਅਤੇ ਸੂਬੇ ਉੱਤਰ ਪ੍ਰਦੇਸ਼ ਦੀ ਅਗਵਾਈ ਕਰਨਾ ਮੇਰੇ ਲਈ ਸਨਮਾਨ ਵਾਲੀ ਗੱਲ ਹੈ। ਮੈਂ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਾ ਹੈ।’’ ਭਾਰਤ ਦੇ ਖਿਡਾਰੀ ਵਿਦੇਸ਼ੀ ਲੀਗ ਵਿੱਚ ਭਾਗ ਨਹੀਂ ਲੈ ਸਕਦੇ ਹਨ। ਰੈਨਾ ਲਈ ਵਿਸ਼ਵ ਭਰ ਦੀ ਟੀ-20 ਲੀਗ ਵਿੱਚ ਭਾਗ ਲੈਣ ਲਈ ਭਾਰਤੀ ਕ੍ਰਿਕਟ ਤੋਂ ਸੰਨਿਆਸ ਲੈਣਾ ਜ਼ਰੂਰੀ ਸੀ। ਉਸ ਨੂੰ ਅਗਲੇ ਸਾਲ ਦੱਖਣੀ ਅਫ਼ਰੀਕਾ ਦੀ ਨਵੀਂ ਟੀ-20 ਲੀਗ ਵਿੱਚ ਖੇਡਦੇ ਦੇਖਿਆ ਜਾ ਸਕਦਾ ਹੈ। ਰੈਨਾ ਨੇ ਆਪਣੀ ਆਖ਼ਰੀ ਮੈਚ ਅਕਤੂਬਰ 2021 ਵਿੱਚ ਚੇਨੱਈ ਤਰਫ਼ੋਂ ਰਾਜਸਥਾਨ ਰਾਇਲਜ਼ ਖ਼ਿਲਾਫ਼ ਅਬੂਧਾਬੀ ਵਿੱਚ ਖੇਡਿਆ ਸੀ। ਭਾਰਤ ਤਰਫੋਂ ਰੈਨਾ ਨੇ 15 ਟੈਸਟ, 226 ਇੱਕ ਰੋਜ਼ਾ ਕੌਮਾਂਤਰੀ ਅਤੇ 78 ਟੀ-20 ਮੈਚ ਖੇਡੇ ਸਨ। ਉਹ 2011 ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਵਿੱਚ ਸ਼ਾਮਲ ਸੀ।

Add a Comment

Your email address will not be published. Required fields are marked *