ਮੋਹਾਲੀ ‘ਚ ਨਹੀਂ ਖੇਡਿਆ ਜਾਵੇਗਾ ਵਿਸ਼ਵ ਕੱਪ 2023 ਦਾ ਇਕ ਵੀ ਮੈਚ

ਨਵੀਂ ਦਿੱਲੀ- ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼ੁੱਕਰਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਰੋਜ਼ਰ ਬਿੰਨੀ ਅਤੇ ਸਕੱਤਰ ਜੈ ਸ਼ਾਹ ਨੂੰ ਪੱਤਰ ਲਿਖ ਕੇ ਉਨ੍ਹਾਂ ਮਾਨਦੰਡਾਂ ‘ਤੇ ਸਵਾਲ ਉਠਾਇਆ, ਜਿਸ ਦੇ ਤਹਿਤ ਆਈਸੀਸੀ ਵਿਸ਼ਵ ਕੱਪ ਦੌਰਾਨ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਸ਼ਹਿਰਾਂ ਦੀ ਸੂਚੀ ਤੋਂ ਮੋਹਾਲੀ ਨੂੰ ਬਾਹਰ ਕਰ ਦਿੱਤਾ ਗਿਆ। ਕ੍ਰਿਕਟ ਵਿਸ਼ਵ ਕੱਪ 2023 ਅਹਿਮਦਾਬਾਦ ‘ਚ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਹਨ।
ਬੀਸੀਸੀਆਈ ਮੁਖੀ ਨੂੰ ਲਿਖੇ ਆਪਣੇ ਪੱਤਰ ‘ਚ ਹੇਅਰ ਨੇ ਕਿਹਾ ਕਿ ਪੰਜਾਬ ‘ਚ ਖੇਡਾਂ ਦਾ ਸਭ ਤੋਂ ਵਧੀਆ ਢਾਂਚਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੁਹਾਲੀ ਦੇ ਆਈਐੱਸ ਬਿੰਦਰਾ ਸਟੇਡੀਅਮ ਨੂੰ ਵਿਸ਼ਵ ਕੱਪ ਦੇ ਦੋ ਸੈਮੀਫਾਈਨਲ ਮੈਚਾਂ ਦੀ ਮੇਜ਼ਬਾਨੀ ਕਰਨ ਦਾ ਮਾਣ ਵੀ ਹਾਸਲ ਹੈ।
ਪੰਜਾਬ ਮੰਤਰੀ ਨੇ ਬੀਸੀਸੀਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਦੇ ਮੀਡੀਆ ‘ਚ ਦਿੱਤੇ ਬਿਆਨ ਦਾ ਵੀ ਹਵਾਲਾ ਦਿੱਤਾ ਅਤੇ ਕਿਹਾ ਕਿ ਸ਼ੁਕਲਾ ਨੇ ਦੱਸਿਆ ਸੀ ਕਿ ਪੀਸੀਏ ਮੋਹਾਲੀ ਸਟੇਡੀਅਮ “ਮੈਚਾਂ ਦੀ ਮੇਜ਼ਬਾਨੀ ਲਈ ਆਈਸੀਸੀ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ”। ਉਨ੍ਹਾਂ ਚਿੱਠੀ ‘ਚ ਲਿਖਿਆ, ‘ਮੈਨੂੰ ਪੂਰਾ ਭਰੋਸਾ ਹੈ ਕਿ ਇਸ ਅਹਿਮ ਮਾਮਲੇ ‘ਚ ਪੰਜਾਬ ਨਾਲ ਇਨਸਾਫ਼ ਕੀਤਾ ਜਾਵੇਗਾ।’

ਉਨ੍ਹਾਂ ਨੇ ਪਹਿਲੀ ਵਾਰ ਪੰਜਾਬ ਨੂੰ ਵਿਸ਼ਵ ਕੱਪ ਦੀ ਮੇਜ਼ਬਾਨ ਸੂਚੀ ‘ਚੋਂ ਬਾਹਰ ਰੱਖਣ ਨੂੰ ਰਾਜਸੀ ਕਾਰਨਾਂ ਤੋਂ ਪ੍ਰੇਰਿਤ ਦੱਸਿਆ। ਹੁਣ ਉਨ੍ਹਾਂ ਨੇ ਇਸ ਵਿਤਕਰੇਬਾਜ਼ੀ ਦਾ ਮੁੱਦਾ ਬੀਸੀਸੀਆਈ ਕੋਲ ਚੁੱਕਿਆ ਹੈ। ਮੀਤ ਹੇਅਰ ਨੇ ਬੀਸੀਸੀਆਈ ਨੂੰ ਚਿੱਠੀ ਲਿਖ ਕੇ ਮੋਹਾਲੀ ‘ਚ ਕੋਈ ਮੈਚ ਨਾ ਕਰਵਾਏ ਜਾਣ ‘ਤੇ ਇਤਰਾਜ਼ ਜਤਾਇਆ ਹੈ। ਚਿੱਠੀ ‘ਚ ਉਨ੍ਹਾਂ ਪੁੱਛਿਆ ਕਿ ਆਈਸੀਸੀ ਦੀ ਟੀਮ ਨੇ ਮੋਹਾਲੀ ਸਟੇਡੀਅਮ ਕਦੋਂ ਵਿਜ਼ਿਟ ਕੀਤਾ ਸੀ ਤੇ ਇਸ ਸਬੰਧੀ ਫ਼ੈਸਲਾ ਕਿਸ ਆਧਾਰ ‘ਤੇ ਲਿਆ ਗਿਆ ਕਿ ਮੋਹਾਲੀ ‘ਚ ਮੈਚ ਨਾ ਕਰਵਾਇਆ ਜਾਵੇ। ਮੀਤ ਹੇਅਰ ਨੇ ਜੈ ਸ਼ਾਹ ਅਤੇ ਰੋਜ਼ਰ ਬਿੰਨੀ ਨੂੰ ਚਿੱਠੀ ਲਿਖ ਕੇ ਇਸ ਸਬੰਧੀ ਇਤਰਾਜ਼ ਜਤਾਇਆ ਹੈ। ਖੇਡ ਮੰਤਰੀ ਨੇ ਚਿੱਠੀ ਲਿਖ ਕੇ ਆਸ ਪ੍ਰਗਟਾਈ ਹੈ ਕਿ ਇਸ ਮਾਮਲੇ ‘ਚ ਪੰਜਾਬ ਨਾਲ ਜਲਦ ਤੋਂ ਜਲਦ ਨਿਆਂ ਕੀਤਾ ਜਾਵੇਗਾ।

Add a Comment

Your email address will not be published. Required fields are marked *