ਸ਼ਾਂਤੀ ਕਾਇਮ ਕਰਨ ਲਈ ਕੁਝ ਵੀ ਕਰਨ ਨੂੰ ਤਿਆਰ: ਰਾਹੁਲ ਗਾਂਧੀ

ਇੰਫਾਲ, 30 ਜੂਨ– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮਨੀਪੁਰ ਦੀ ਰਾਜਪਾਲ ਅਨੁਸੂਈਆ ਉਈਕੇ ਨਾਲ ਮੁਲਾਕਾਤ ਮਗਰੋਂ ਹਿੰਸਾ ਪ੍ਰਭਾਵਿਤ ਰਾਜ ’ਚ ਸ਼ਾਂਤੀ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਤੇ ਕਿਹਾ ਕਿ ਹਿੰਸਾ ਕਿਸੇ ਮਸਲੇ ਦਾ ਹੱਲ ਨਹੀਂ ਹੈ। ਉਨ੍ਹਾਂ ਮਨੀਪੁਰ ਦੀਆਂ ਘਟਨਾਵਾਂ ਨੂੰ ਇੱਕ ਤ੍ਰਾਸਦੀ ਦੱਸਿਆ ਜੋ ਸੂਬੇ ਤੇ ਦੇਸ਼ ਲਈ ਦੁੱਖ ਭਰੀ ਹੈ।
ਰਾਜਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘ਸ਼ਾਂਤੀ ਲਈ ਜੋ ਵੀ ਜ਼ਰੂਰੀ ਹੋਵੇਗਾ, ਮੈਂ ਉਸ ਲਈ ਤਿਆਰ ਹਾਂ। ਮੈਂ ਸਾਰੇ ਲੋਕਾਂ ਨੂੰ ਸ਼ਾਂਤੀ ਕਾਇਮ ਕਰਨ ਦੀ ਅਪੀਲ ਕਰਦਾ ਹਾਂ ਕਿਉਂਕਿ ਹਿੰਸਾ ਨਾਲ ਕੋਈ ਵੀ ਹੱਲ ਨਹੀਂ ਨਿਕਲ ਸਕਦਾ।’ ਉਨ੍ਹਾਂ ਕਿਹਾ, ‘ਸ਼ਾਂਤੀ ਹੀ ਅੱਗੇ ਵਧਣ ਦਾ ਰਾਹ ਹੈ ਤੇ ਹਰ ਕਿਸੇ ਨੂੰ ਹੁਣ ਸ਼ਾਂਤੀ ਬਾਰੇ ਗੱਲ ਕਰਨੀ ਚਾਹੀਦੀ ਹੈ ਅਤੇ ਉਸ ਵੱਲ ਵਧਣਾ ਸ਼ੁਰੂ ਕਰਨਾ ਚਾਹੀਦਾ ਹੈ। ਇਸ ਸੂਬੇ ’ਚ ਸ਼ਾਂਤੀ ਦਾ ਮਾਹੌਲ ਕਾਇਮ ਕਰਨ ਲਈ ਮੈਂ ਹਰ ਸੰਭਵ ਮਦਦ ਕਰਾਂਗਾ।’ ਉਨ੍ਹਾਂ ਕਿਹਾ, ‘ਮੈਂ ਮਨੀਪੁਰ ਦੇ ਲੋਕਾਂ ਦਾ ਦਰਦ ਸਾਂਝਾ ਕਰਦਾ ਹਾਂ। ਇਹ ਇੱਕ ਭਿਆਨਕ ਤ੍ਰਾਸਦੀ ਹੈ। ਇਹ ਮਨੀਪੁਰ ਤੇ ਦੇਸ਼ ਦੇ ਲੋਕਾਂ ਲਈ ਵੀ ਬਹੁਤ ਦੁਖੀ ਕਰਨ ਵਾਲਾ ਤੇ ਦਰਦ ਭਰਿਆ ਸਮਾਂ ਹੈ।’ ਉਨ੍ਹਾਂ ਇੰਫਾਲ, ਚੂਰਾਚਾਂਦਪੁਰ ਤੇ ਮੋਇਰਾਂਗ ’ਚ ਵੱਖ ਵੱਖ ਰਾਹਤ ਕੈਂਪਾਂ ਦੇ ਆਪਣੇ ਦੌਰਿਆਂ ਤੇ ਸਾਰੇ ਭਾਈਚਾਰਿਆਂ ਦੇ ਲੋਕਾਂ ਨਾਲ ਆਪਣੀਆਂ ਮੁਲਾਕਾਤਾਂ ਬਾਰੇ ਵੀ ਦੱਸਿਆ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਇੱਕ ਗੱਲ ਜੋ ਮੈਂ ਸਰਕਾਰ ਨੂੰ ਕਹਿਣਾ ਚਾਹਾਂਗਾ, ਉਹ ਇਹ ਹੈ ਕਿ ਕੈਂਪਾਂ ’ਚ ਬੁਨਿਆਦੀ ਸਹੂਲਤਾਂ ’ਚ ਸੁਧਾਰ ਦੀ ਜ਼ਰੂਰਤ ਹੈ। ਭੋਜਨ ’ਚ ਸੁਧਾਰ ਦੀ ਲੋਡ਼ ਹੈ। ਦਵਾਈਆਂ ਦੀ ਸਪਲਾਈ ਹੋਣੀ ਚਾਹੀਦੀ ਹੈ। ਕੈਂਪਾਂ ’ਚ ਇਸ ਸਬੰਧੀ ਕਈ ਸ਼ਿਕਾਇਤਾਂ ਆਈਆਂ ਹਨ।’ ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਰਾਜਪਾਲ ਨੇ ਭਰੋਸਾ ਦਿੱਤਾ ਹੈ ਕਿ ਜਾਤੀ ਹਿੰਸਾ ਤੋਂ ਪ੍ਰਭਾਵਿਤ ਸੂਬੇ ’ਚ ਸ਼ਾਂਤੀ ਬਹਾਲ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਇਸ ਤੋਂ ਪਹਿਲਾਂ ਕਾਂਗਰਸ ਆਗੂ ਨੇ ਸਿਵਲ ਸੁਸਾਇਟੀ ਜਥੇਬੰਦੀਆਂ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਸੁਣੀਆਂ।
ਰਾਹੁਲ ਗਾਂਧੀ ਨੇ ਸਵੇਰੇ ਮੋਇਰਾਂਗ ਸ਼ਹਿਰ ’ਚ ਦੋ ਰਾਹਤ ਕੈਂਪਾਂ ’ਚ ਜਾ ਕੇ ਪੀਡ਼ਤਾਂ ਨਾਲ ਮੁਲਾਕਾਤ ਕੀਤੀ। ਉਹ ਸਵੇਰੇ ਇੰਫਾਲ ਤੋਂ ਹੈਲੀਕਾਪਟਰ ਰਾਹੀਂ ਇੱਥੇ ਪਹੁੰਚੇ ਸਨ। ਉਨ੍ਹਾਂ ਨਾਲ ਮਨੀਪੁਰ ਦੇ ਸਾਬਕਾ ਮੁੱਖ ਮੰਤਰੀ ਓਕਰਾਮ ਇਬੋਬੀ ਸਿੰਘ, ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਕਾਂਗਰਸ ਦੀ ਮਨੀਪੁਰ ਇਕਾਈ ਦੇ ਪ੍ਰਧਾਨ ਕੀਸ਼ਮ ਮੇਘਚੰਦਰ ਸਿੰਘ ਤੇ ਸਾਬਕਾ ਸੰਸਦ ਮੈਂਬਰ ਅਜੈ ਕੁਮਾਰ ਵੀ ਸਨ। ਮੋਇਰਾਂਗ ’ਚ ਆਜ਼ਾਦ ਹਿੰਦ ਫੌਜ ਨੇ 1944 ’ਚ ਭਾਰਤੀ ਤਿਰੰਗਾ ਲਹਿਰਾਇਆ ਸੀ। ਰਾਹਤ ਕੈਂਪਾਂ ’ਚ ਲੋਕਾਂ ਨੂੰ ਮਿਲਣ ਮਗਰੋਂ ਰਾਹੁਲ ਗਾਂਧੀ ਨੇਤਾਜੀ ਸਮਾਰਕ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ।

Add a Comment

Your email address will not be published. Required fields are marked *