‘ਟ੍ਰੋਲਿੰਗ’ ਮਗਰੋਂ ਹੁਣ ਫਿਰ ਹੋਈ ਅਰਸ਼ਦੀਪ ਨਾਲ ਬਦਤਮੀਜ਼ੀ, ਭੜਕੇ ਪੱਤਰਕਾਰ ਨੇ ਸਿਖਾਇਆ ਸਬਕ

ਨਵੀਂ ਦਿੱਲੀ- ਭਾਰਤ-ਪਾਕਿਸਤਾਨ ਵਿਚਾਲੇ ਐਤਵਾਰ ਨੂੰ ਖੇਡੇ ਗਏ ਮੈਚ ਵਿਚ ਇਕ ਕੈਚ ਛੱਡਣ ਕਾਰਨ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਲਗਾਤਾਰ ਸੋਸ਼ਲ ਮੀਡੀਆ ‘ਤੇ ‘ਟ੍ਰੋਲਿੰਗ’ ਦਾ ਸ਼ਿਕਾਰ ਹੋ ਰਿਹਾ ਹੈ। ਪਾਕਿਸਤਾਨ ਨੇ ਇਹ ਮੈਚ 5 ਵਿਕਟਾਂ ਨਾਲ ਜਿੱਤ ਲਿਆ ਸੀ। ਅਰਸ਼ਦੀਪ ਸਿੰਘ ਨੇ 18ਵੇਂ ਓਵਰ ਵਿਚ ਆਸਿਫ ਅਲੀ ਦਾ ਕੈਚ ਛੱਡਿਆ ਸੀ। ਉਸ ਦੇ ਬਾਅਦ ਤੋਂ ਸੋਸ਼ਲ ਮੀਡੀਆ ‘ਤੇ ਉਸ ਨੂੰ ਟ੍ਰੋਲ ਕੀਤਾ ਜਾਣ ਲੱਗਾ ਹੈ। ਇੱਥੋਂ ਤੱਕ ਕਿ ਅਰਸ਼ਦੀਪ ਦਾ ਨਾਂ ਵਿਕੀਪੀਡੀਆ ‘ਤੇ ਖਾਲਿਸਤਾਨ ਨਾਲ ਵੀ ਜੋੜ ਦਿੱਤਾ ਗਿਆ ਸੀ। ਉਥੇ ਹੀ ਹੁਣ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਇਕ ਨੌਜਵਾਨ ਅਰਸ਼ਦੀਪ ਨਾਲ ਬਦਤਮੀਜ਼ੀ ਨਾਲ ਪੇਸ਼ ਆ ਰਿਹਾ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਅਰਸ਼ਦੀਪ ਬੱਸ ਵਿਚ ਸਵਾਰ ਹੋਣ ਲਈ ਜਾ ਰਿਹਾ ਹੈ ਅਤੇ ਇਸ ਦੌਰਾਨ ਇਕ ਨੌਜਵਾਨ ਉਸ ਨੂੰ ਸਰਦਾਰ ਕਹਿੰਦਾ ਸੁਣਾਈ ਦੇ ਰਿਹਾ ਹੈ ਅਤੇ ਕਹਿੰਦਾ ਹੈ ਕੈਚ ਛੁੱਟਦੇ ਰਹਿੰਦੇ ਹਨ। ਇਸ ‘ਤੇ ਉਥੇ ਮੌਜੂਦ ਇਕ ਪੱਤਰਕਾਰ ਉਸ ਨੌਜਵਾਨ ‘ਤੇ ਭੜਕ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਉਹ ਇਕ ਇੰਡੀਆ ਦਾ ਖ਼ਿਡਾਰੀ ਹੈ। ਤੁਸੀਂ ਖ਼ਿਡਾਰੀ ਨਾਲ ਬਦਤਮੀਜ਼ੀ ਕਿਉਂ ਕਰ ਰਹੇ ਹੋ।
ਜ਼ਿਕਰਯੋਗ ਹੈ ਕਿ ਸਰਕਾਰ ਇਸ ਮਾਮਲੇ ‘ਤੇ ਸਖ਼ਤ ਹੋ ਗਈ ਹੈ ਅਤੇ ਉਸ ਨੇ ਵਿਕੀਪੀਡੀਆ ਦੇ ਅਫ਼ਸਰਾਂ ਨੂੰ ਨੋਟਿਸ ਭੇਜਿਆ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਵਿਕੀਪੀਡੀਆ ਨੂੰ ਨੋਟਿਸ ਭੇਜਦੇ ਹੋਏ ਕਿਹਾ, ‘ਅਰਸ਼ਦੀਪ ਸਿੰਘ ਦੇ ਪਰਿਵਾਰ ਲਈ ਇਹ ਖ਼ਤਰਾ ਬਣ ਸਕਦਾ ਹੈ। ਇਸ ਨਾਲ ਦੇਸ਼ ਦਾ ਮਾਹੌਲ ਵੀ ਵਿਗੜ ਸਕਦਾ ਹੈ।’ ਵਿਕੀਪੀਡੀਆ ’ਤੇ ਉਸਦੀ ਪ੍ਰੋਫਾਈਲ ਨਾਲ ਛੇੜਖਾਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਆਈ. ਪੀ. ਐਡਰੈੱਸ ਪਤਾ ਕਰਨ ’ਤੇ ਇਹ ਪਤਾ ਲੱਗਾ ਕਿ ਇਹ ਹਰਕਤ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਕਿਸੇ ਨੇ ਕੀਤੀ ਹੈ। ਇਕ ਐਕਟੀਵਿਸਟ ਨੇ ਦੱਸਿਆ ਕਿ ਪਾਕਿਸਤਾਨੀ ਅਕਾਊਂਟ ਤੋਂ ਅਰਸ਼ਦੀਪ ਨੂੰ ਖਾਲਿਸਤਾਨੀ ਬਣਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਐਕਟੀਵਿਸਟ ਨੇ ਅਜਿਹੇ 8 ਅਕਾਊਂਟਾਂ ਦੀ ਡਿਟੇਲ ਵੀ ਪੋਸਟ ਕੀਤੀ ਸੀ। ਇੱਥੇ ਹੀ ਹੁਣ ਇਹ ਵੀ ਖੁਲਾਸਾ ਹੋ ਗਿਆ ਹੈ ਕਿ ਇਹ ਪੂਰੀ ਸਾਜ਼ਿਸ਼ ਆਈ. ਐੱਸ. ਪੀ. ਆਰ. (ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ ਪਾਕਿਸਤਾਨ) ਦੀ ਹੈ। ਇਹ ਪਾਕਿਸਤਾਨ ਦੇ ਸੈਨਿਕ ਬਲਾਂ ਦੀ ਮੀਡੀਆ ਤੇ ਪੀ. ਆਰ. ਕਿੰਗ ਹੈ।

Add a Comment

Your email address will not be published. Required fields are marked *