ਪੰਜਾਬ ‘ਚ ਰਾਸ਼ਨ ਕਾਰਡ ਧਾਰਕਾਂ ਦੀ ਹੋਵੇਗੀ ਪੜਤਾਲ

ਚੰਡੀਗੜ੍ਹ, 6 ਸਤੰਬਰ -ਪੰਜਾਬ ਸਰਕਾਰ ਵਲੋਂ ਸੂਬੇ ਵਿਚ ਰਾਸ਼ਨ ਕਾਰਡ ਧਾਰਕਾਂ ਦੀ ਪੜਤਾਲ ਕਰਕੇ ਉਨ੍ਹਾਂ ਲੋਕਾਂ ਦੇ ਰਾਸ਼ਨ ਕਾਰਡਾਂ ਨੂੰ ਰੱਦ ਕੀਤਾ ਜਾਵੇਗਾ ਜਿਨ੍ਹਾਂ ਦੇ ਰਾਸ਼ਨ ਕਾਰਡ ਗ਼ਲਤ ਢੰਗ ਨਾਲ ਬਣਾਏ ਗਏ ਹਨ ਜਾਂ ਫਿਰ ਉਨ੍ਹਾਂ ਦੀ ਆਮਦਨ ਏਨੀ ਜ਼ਿਆਦਾ ਹੈ ਕਿ ਉਹ ਰਾਸ਼ਨ ਕਾਰਡ ਦੀ ਸੁਵਿਧਾ ਲੈਣ ਲਈ ਯੋਗ ਨਹੀਂ ਹਨ | ਅੱਜ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨੇ ਦੱਸਿਆ ਕਿ ਪੰਜਾਬ ਵਿਚ ਬਹੁਤ ਵੱਡੀ ਗਿਣਤੀ ‘ਚ ਅਜਿਹੇ ਲੋਕ ਹਨ ਜੋ ਰਸੂਖਦਾਰ ਹਨ ਅਤੇ ਉਨ੍ਹਾਂ ਦੀ ਆਮਦਨ ਵੀ ਬਹੁਤ ਹੈ ਪਰ ਇਸ ਦੇ ਬਾਵਜੂਦ ਉਹ ਰਾਸ਼ਨ ਕਾਰਡ ਵਰਗੀਆਂ ਸਰਕਾਰੀ ਸਕੀਮਾਂ ਦਾ ਲਾਭ ਲੈ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਉਣ ਵਾਲੇ ਦਿਨਾਂ ਵਿਚ ਪੜਤਾਲ ਕੀਤੀ ਜਾਵੇਗੀ ਅਤੇ ਜਿਨ੍ਹਾਂ ਲੋਕਾਂ ਦੇ ਘਰ ਏ.ਸੀ. ਲੱਗੇ ਹਨ ਜਾਂ ਚਾਰ ਪਹੀਆ ਵਾਹਨ ਹਨ ਅਤੇ ਚਾਰ ਏਕੜ ਤੋਂ ਵੱਧ ਜ਼ਮੀਨ ਹੈ ਅਤੇ ਹੋਰ ਅਜਿਹੇ ਮਾਪਦੰਡਾਂ ਦੇ ਆਧਾਰ ‘ਤੇ ਉਨ੍ਹਾਂ ਦੇ ਰਾਸ਼ਨ ਕਾਰਡਾਂ ਨੂੰ ਰੱਦ ਕਰ ਦਿੱਤਾ ਜਾਵੇਗਾ | ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਵੋਟਾਂ ਲੈਣ ਲਈ ਰਸੂਖਦਾਰ ਲੋਕਾਂ ਦੇ ਵੀ ਰਾਸ਼ਨ ਕਾਰਡ ਬਣਾ ਦਿੱਤੇ ਗਏ ਜਦਕਿ ਇਹ ਸੁਵਿਧਾ ਗ਼ਰੀਬ ਲੋਕਾਂ ਲਈ ਹੈ | ਉਨ੍ਹਾਂ ਦੱਸਿਆ ਕਿ ਵੈਰੀਫਿਕੇਸ਼ਨ ਦਾ ਕੰਮ ਸੂਬੇ ਭਰ ਵਿਚ ਸੰਬੰਧਿਤ ਡਿਪਟੀ ਕਮਿਸ਼ਨਰ/ ਐਸ.ਡੀ.ਐਮ. ਦੀ ਨਿਗਰਾਨੀ ਹੇਠ ਕੀਤਾ ਜਾਵੇਗਾ ਅਤੇ ਇਸ ਲਈ ਕਮੇਟੀਆਂ ਵੀ ਗਠਿਤ ਕੀਤੀਆਂ ਜਾਣਗੀਆਂ | ਮੰਤਰੀ ਨੇ ਜਾਣਕਾਰੀ ਦਿੱਤੀ ਕਿ ਵੈਰੀਫਿਕੇਸ਼ਨ ਕੀਤੇ ਗਏ ਫਾਰਮ ਰੋਜ਼ਾਨਾ ਆਧਾਰ ‘ਤੇ ਸਬੰਧਿਤ ਜ਼ਿਲ੍ਹਾ ਕੰਟਰੋਲਰ, ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਨੂੰ ਭੇਜਣੇ ਯਕੀਨੀ ਬਣਾਏ ਜਾਣਗੇ ਤਾਂ ਜੋ ਇਹ ਸਾਰਾ ਡਾਟਾ ਆਰ. ਸੀ. ਐਮ. ਐਸ. ਪੋਰਟਲ ‘ਤੇ ਅਪਲੋਡ ਕੀਤਾ ਜਾ ਸਕੇ 

Add a Comment

Your email address will not be published. Required fields are marked *