ਤੀਆਂ ਬ੍ਰਿਸਬੇਨ ਦੀਆਂ’ ਦੇ ਮੇਲੇ ‘ਚ ਕੁਲਵਿੰਦਰ ਬਿੱਲਾ ਨੇ ਬੰਨ੍ਹਿਆ ਰੰਗ

ਬ੍ਰਿਸਬੇਨ : ਡਾਇਮੰਡ ਪੰਜਾਬੀ ਪ੍ਰੋਡਕਸ਼ਨ ਵੱਲੋਂ ਇਥੋਂ ਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ‘ਤੀਆਂ ਬ੍ਰਿਸਬੇਨ ਦੀਆਂ’ ਮੇਲਾ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਚ ਗਾਇਕ ਮਲਕੀਤ ਧਾਲੀਵਾਲ, ਨਵੀ ਬਾਜਵਾ ਤੇ ਗਾਇਕ ਰਾਜਦੀਪ ਲਾਲੀ ਨੇ ਵੀ ਆਪਣੀ-ਆਪਣੀ ਗਾਇਕੀ ਨਾਲ ਭਰਵੀਂ ਹਾਜ਼ਰੀ ਲਗਵਾਈ। ਸੁਰਤਾਲ ਸੱਭਿਆਚਾਰਕ ਸੱਥ ਬ੍ਰਿਸਬੇਨ, ਰਿੱਚ ਵਿਰਸਾ ਭੰਗੜਾ ਅਕੈਡਮੀ, ਫਿੱਟਬਿਟ ਭੰਗੜਾ ਅਕੈਡਮੀ, ਫੋਕ ਫਲੈਕਸ ਡਾਂਸ ਅਕੈਡਮੀ ਵੱਲੋਂ ਵੀ ਪੇਸ਼ਕਾਰੀ ਕੀਤੀ ਗਈ। ਉਪਰੰਤ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਵੱਲੋਂ ਆਪਣੇ ਨਵੇਂ-ਪੁਰਾਣੇ ਹਿੱਟ ਗੀਤਾਂ ਨਾਲ ਇਸ ਤੀਆਂ ਦੇ ਮੇਲੇ ਨੂੰ ਸਿਖਰਾਂ ‘ਤੇ ਪਹੁੰਚਾ ਕੇ ਖੂਬ ਵਾਹ-ਵਾਹ ਖੱਟੀ। 

ਮੇਲੇ ’ਚ ਪੁਰਾਤਨ ਪੰਜਾਬੀ ਸੱਭਿਆਚਾਰਕ ਰੰਗ ਵਿਚ ਸੱਜ-ਧੱਜ ਖੁਸ਼ੀ ਵਿੱਚ ਖੀਵੇ ਹੋ ਧੀਆਂ-ਧਿਆਣੀਆਂ, ਮਾਤਾਵਾਂ ਤੇ ਸੱਜ–ਵਿਆਹੀਆਂ ਮੁਟਿਆਰਾਂ ਵਲੋਂ ਇਕੱਠੇ ਹੋ ਕੇ ਚਾਵਾਂ, ਉਮੰਗਾਂ ਤੇ ਉਲਾਸ-ਭਾਵਾਂ ਨੂੰ ਪ੍ਰਗਟ ਕਰਨ ਵਾਲੇ ਲੋਕ ਨਾਚ ਗਿੱਧਾ-ਭੰਗੜਾਂ, ਬੋਲੀਆਂ, ਸਿੱਠਣੀਆਂ, ਸੰਮੀ, ਕਿੰਕਲੀ, ਮਲਵਾਈ ਗਿੱਧਾ ਤੇ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ। ਸੱਭਿਆਚਾਰਕ ਤੇ ਸਾਹਿਤਕ ਵੰਨਗੀਆ ਵੀ ਖਿੱਚ ਦਾ ਕੇਦਰ ਬਣੀਆਂ ਰਹੀਆਂ। ਮੇਲੇ ਦੇ ਪ੍ਰਬੰਧਕ ਮਲਕੀਤ ਧਾਲੀਵਾਲ, ਸਿਮਰਨ ਬਰਾੜ ਤੇ ਕਮਲ ਬੈਂਸ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ‘ਤੀਆਂ ਬ੍ਰਿਸਬੇਨ ਦੀਆਂ’ ਮੇਲਾ ਕਰਵਾਉਣ ਦਾ ਮੁੱਖ ਉਦੇਸ਼ ਅੱਜ ਦੇ ਤੇਜ਼ ਰਫਤਾਰ ਪਦਾਰਥਵਾਦੀ ਯੁੱਗ ਵਿਚ ਵਿਸਰ ਰਹੀਆਂ ਸਾਡੀਆਂ ਸੱਭਿਆਚਾਰਕ ਵੰਨਗੀਆਂ ਨੂੰ ਮੁੜ ਸੁਰਜੀਤ ਕਰਨ ਦੇ ਨਾਲ-ਨਾਲ ਵਿਦੇਸ਼ਾਂ ਵਿਚ ਆਪਣੀ ਮਾਣਮੱਤੀ ਵਿਰਾਸਤ ਨੂੰ ਸਾਂਭਣ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਮੰਚ ਸੰਚਾਲਨ ਦੀ ਭੂਮਿਕਾ ਅਮਰਜੋਤ ਜੋਤੀ ਗੁਰਾਇਆ ਵੱਲੋਂ ਬਾਖੂਬੀ ਨਾਲ ਨਿਭਾਈ ਗਈ।

Add a Comment

Your email address will not be published. Required fields are marked *