ਥਲਾਪਤੀ ਵਿਜੇ ਖ਼ਿਲਾਫ਼ ਐੱਫ. ਆਈ. ਆਰ. ਦਰਜ

ਮੁੰਬਈ – ਦੱਖਣ ਭਾਰਤੀ ਅਦਾਕਾਰ ਥਲਾਪਤੀ ਵਿਜੇ ਤੇ ਉਨ੍ਹਾਂ ਦੀ ਫ਼ਿਲਮ ‘ਲੀਓ’ ਕਾਨੂੰਨੀ ਵਿਵਾਦ ’ਚ ਫਸ ਗਈ ਹੈ। ਫ਼ਿਲਮ ਦੇ ਗੀਤ ‘ਨਾ ਰੈੱਡੀ’ ’ਤੇ ਤੰਬਾਕੂ ਦੇ ਸੇਵਨ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ। ਇਸ ਨੂੰ ਲੈ ਕੇ ਨਾ ਸਿਰਫ ਵਿਵਾਦ ਹੋਰ ਡੂੰਘਾ ਹੋ ਗਿਆ ਹੈ, ਸਗੋਂ ਵਿਜੇ ਖ਼ਿਲਾਫ਼ ਐੱਫ. ਆਈ. ਆਰ. ਵੀ ਦਰਜ ਕੀਤੀ ਗਈ ਹੈ। ਇਸ ਗੀਤ ’ਚ ਅਦਾਕਾਰ ਨੂੰ ਮੂੰਹ ’ਚ ਸਿਗਰਟ ਰੱਖ ਕੇ ਡਾਂਸ ਕਰਦੇ ਦਿਖਾਇਆ ਗਿਆ ਹੈ।

ਹੁਣ ਉਸ ਦੇ ਖ਼ਿਲਾਫ਼ ਨਾਰਕੋਟਿਕਸ ਕੰਟਰੋਲ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ‘ਨਾ ਰੈੱਡੀ’ ਗੀਤ ’ਚ ਸਿਗਰਟਨੋਸ਼ੀ ਦਿਖਾਉਣ ਕਾਰਨ ਥਲਾਪਤੀ ਵਿਜੇ ਕਾਨੂੰਨੀ ਮੁਸੀਬਤ ’ਚ ਫਸ ਗਏ ਹਨ। ਅਦਾਕਾਰ ਨੂੰ ਸ਼ਰਾਬ ਤੇ ਤੰਬਾਕੂ ਦੇ ਸੇਵਨ ਨੂੰ ਉਤਸ਼ਾਹਿਤ ਕਰਨ ਲਈ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

‘ਲੀਓ’ ਤੇ ਥਲਾਪਤੀ ਵਿਜੇ ਖ਼ਿਲਾਫ਼ ਖੜ੍ਹੇ ਲੋਕਾਂ ਦਾ ਕਹਿਣਾ ਹੈ ਕਿ ਅਦਾਕਾਰ ਨੇ ਪਿਛਲੇ ਦਿਨਾਂ ’ਚ ਇਕ ਸਿਆਸੀ ਬੈਠਕ ’ਚ ਪਹੁੰਚ ਕੇ ਚੰਗਾ ਭਾਸ਼ਣ ਦਿੱਤਾ ਸੀ। ਉਥੇ ਉਨ੍ਹਾਂ ਨੇ ਵਿਦਿਆਰਥੀਆਂ ਦੇ ਚੰਗੇ ਚਰਿੱਤਰ ਨੂੰ ਬਣਾਈ ਰੱਖਣ ’ਤੇ ਗੱਲ ਕੀਤੀ। ਨੈਤਿਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਕਿਹਾ ਪਰ ਉਸ ਦੇ ਗੀਤ ਤੇ ਫ਼ਿਲਮਾਂ ਗਲਤ ਆਦਤਾਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ।

ਹਾਲਾਂਕਿ, ਇਸ ਦੌਰਾਨ ਪ੍ਰਸ਼ੰਸਕਾਂ ਨੇ ਵੀ ਅਦਾਕਾਰ ਨਾਲ ਖੜ੍ਹੇ ਹੋ ਕੇ ਦਾਅਵਾ ਕੀਤਾ ਹੈ ਕਿ ਉਹ ਸਿਰਫ ਸਕ੍ਰੀਨ ’ਤੇ ਕੰਮ ਕਰ ਰਿਹਾ ਹੈ ਤੇ ਅਸਲ ਜ਼ਿੰਦਗੀ ’ਚ ਅਜਿਹੀਆਂ ਚੀਜ਼ਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਥਲਾਪਤੀ ਵਿਜੇ ਦੇ ਗੀਤ ‘ਨਾ ਰੈੱਡੀ’ ’ਤੇ ਦਰਸ਼ਕਾਂ ਨੇ ਕਈ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਸ ਗੀਤ ਨੂੰ ਥਲਾਪਤੀ ਵਿਜੇ ਨੇ ਗਾਇਆ ਹੈ ਤੇ ਸੰਗੀਤ ਅਨਿਰੁਧ ਰਵੀਚੰਦਰ ਨੇ ਦਿੱਤਾ ਹੈ। ਵੀਡੀਓ ’ਚ ਕੁਝ BTS ਪਲਾਂ ਦੇ ਨਾਲ-ਨਾਲ ਉਨ੍ਹਾਂ ਦੇ ਡਾਂਸ ਦੀਆਂ ਝਲਕੀਆਂ ਵੀ ਹਨ। ਇਹ ਗੀਤ ਉਨ੍ਹਾਂ ਦੇ ਜਨਮਦਿਨ ’ਤੇ ਪਹਿਲੀ ਪੋਸਟ ਦੇ ਨਾਲ ਰਿਲੀਜ਼ ਕੀਤਾ ਗਿਆ ਸੀ। ‘ਲੀਓ’ ਦੇ ਫਰਸਟ ਲੁੱਕ ਪੋਸਟਰ ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। ਲੋਕਾਂ ਨੇ ਇਸ ਦੀ ਤੁਲਨਾ ‘ਗੇਮਜ਼ ਆਫ ਥ੍ਰੋਨਸ’ ਨਾਲ ਵੀ ਕੀਤੀ।

Add a Comment

Your email address will not be published. Required fields are marked *