ਇਟਲੀ ਆਇਆ ਪੰਜਾਬੀ ਨੌਜਵਾਨ ਭੇਤਭਰੀ ਹਾਲਤ ‘ਚ ਹੋਇਆ ਲਾਪਤਾ

ਰੋਮ : ਚੰਗੇ ਭਵਿੱਖ ਦੇ ਸੁਪਨੇ ਅੱਖਾਂ ‘ਚ ਵਸਾ ਲੱਖਾਂ ਵਿਦੇਸ਼ੀ ਨੌਜਵਾਨ ਇਟਲੀ ਵੱਲ ਰੁੱਖ ਕਰ ਰਹੇ ਹਨ, ਜਿਨ੍ਹਾਂ ‘ਚ ਭਾਰਤੀਆਂ ਦੀ ਗਿਣਤੀ ਵੀ ਚੋਖੀ ਹੈ। ਮਾਪਿਆਂ ਨੂੰ ਮਜਬੂਰੀਵੱਸ ਲੱਖਾਂ ਰੁਪਏ ਕਰਜ਼ਾ ਚੁੱਕ ਕੇ ਜਿਗਰ ਦੇ ਟੋਟਿਆਂ ਨੂੰ ਵਿਦੇਸ਼ ਭੇਜਣਾ ਪੈ ਰਿਹਾ ਹੈ। ਮਾਪੇ ਇਸੇ ਉਮੀਦ ਨਾਲ ਆਪਣੇ ਪੁੱਤਾਂ ਨੂੰ ਵਿਦੇਸ਼ ਭੇਜ ਰਹੇ ਹਨ ਤਾਂ ਕਿ ਉਨ੍ਹਾਂ ਦੇ ਪੁੱਤ ਕਰਜ਼ਾ ਲਾਹ ਕੇ ਉਨ੍ਹਾਂ ਨੂੰ ਸੁਰਖਰੂ ਕਰ ਦੇਣਗੇ ਪਰ ਕੱਲ੍ਹ ਕਿਸ ਨੇ ਦੇਖਿਆ ਹੈ।

ਕੁਝ ਅਜਿਹਾ ਹੀ ਵਾਪਰਿਆ ਪੰਜਾਬ ਦੇ ਨੌਜਵਾਨ ਜਗਵੀਰ ਸਿੰਘ (27) ਪੁੱਤਰ ਸਵ. ਪਰਮਜੀਤ ਸਿੰਘ ਪਿੰਡ ਭਾਰ ਸਿੰਘਪੁਰਾ (ਜਲੰਧਰ) ਨਾਲ, ਜਿਹੜਾ ਕਿ ਘਰ ਦੀ ਗਰੀਬੀ ਦੂਰ ਕਰਨ ਲਈ 9 ਮਹੀਨੇ ਵਾਲੇ ਪੇਪਰਾਂ ‘ਤੇ ਅਕਤੂਬਰ 2022 ਵਿੱਚ ਹੀ ਇਟਲੀ ਆਇਆ ਸੀ। ਇਟਲੀ ਆ ਕੇ ਇਹ ਨੌਜਵਾਨ ਦਿਹਾੜੀ-ਦੱਪਾ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ ਕਿ ਅਚਾਨਕ ਬੀਤੀ 23 ਜੂਨ ਨੂੰ ਘਰ ਨਾ ਆਇਆ।

ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜਗਵੀਰ ਸਿੰਘ ਦੀ ਮਾਸੀ ਦੀ ਕੁੜੀ ਨੇ ਦੱਸਿਆ ਕਿ ਜਗਵੀਰ ਸਿੰਘ ਆਪਣੇ ਜੀਜੇ ਗੁਰਪ੍ਰੀਤ ਸਿੰਘ ਕੋਲ ਬੇਲਾਫਾਰਨੀਆਂ ਹੀ ਰਹਿੰਦਾ ਸੀ ਤੇ ਉੱਥੋਂ ਹੀ ਹਰ ਰੋਜ਼ ਸਾਈਕਲ ‘ਤੇ ਸਵੇਰ-ਸ਼ਾਮ ਕੰਮਕਾਰ ‘ਤੇ ਆਉਂਦਾ-ਜਾਂਦਾ ਸੀ ਪਰ 23 ਜੂਨ ਨੂੰ ਘਰ ਨਹੀਂ ਆਇਆ। ਗੁਰਪ੍ਰੀਤ ਸਿੰਘ ਜੋ ਜਗਵੀਰ ਸਿੰਘ ਦਾ ਜੀਜਾ ਹੈ, ਨੇ ਕਾਫ਼ੀ ਦੌੜ-ਭੱਜ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਜਗਵੀਰ ਸਿੰਘ ਦੇ ਲਾਪਤਾ ਹੋਣ ਦੀ ਉਨ੍ਹਾਂ ਬੋਰਗੋ ਗਰਾਪੇ ਪੁਲਸ ਸਟੇਸ਼ਨ ਵਿੱਚ ਰਿਪੋਰਟ ਵੀ ਦਰਜ ਕਰਵਾਈ ਹੈ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਕਿ ਉਹ ਕਿੱਥੇ ਹੈ।

ਇਸ ਘਟਨਾ ਦਾ ਜਦੋਂ ਜਗਵੀਰ ਸਿੰਘ ਦੀ ਮਾਤਾ ਜੋਗਿੰਦਰ ਕੌਰ ਤੇ ਭੈਣਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ। ਲਾਪਤਾ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਮੀਡੀਆ ਰਾਹੀਂ ਇਟਲੀ ਦੇ ਭਾਰਤੀ ਭਾਈਚਾਰੇ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਉਹ ਜਗਵੀਰ ਸਿੰਘ ਨੂੰ ਲੱਭਣ ਵਿੱਚ ਮਦਦ ਕਰਨ ਤਾਂ ਜੋ ਪਰਿਵਾਰ ਦੇ ਇਕੋ-ਇਕ ਸਹਾਰੇ ਨੂੰ ਸਹੀ-ਸਲਾਮਤ ਘਰ ਲਿਆਂਦਾ ਜਾ ਸਕੇ ਕਿਉਂਕਿ ਘਰ ਵਿੱਚ ਉਸ ਦੀ ਬੁੱਢੀ ਮਾਂ ਤੇ 2 ਭੈਣਾਂ ਦਾ ਉਸ ਤੋਂ ਬਿਨਾਂ ਕੋਈ ਨਹੀਂ ਹੈ।

Add a Comment

Your email address will not be published. Required fields are marked *