ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਬ੍ਰਿਟੇਨ ਦੀ ਗ੍ਰਹਿ ਮੰਤਰੀ ਨਿਯੁਕਤ

ਲੰਡਨ – ਦੱਖਣੀ-ਪੂਰਬੀ ਇੰਗਲੈਂਡ ਦੇ ਫੇਅਰਹੈਮ ਤੋਂ ਕੰਜ਼ਰਵੇਟਿਵ ਪਾਰਟੀ ਦੀ ਸੰਸਦ ਮੈਂਬਰ ਅਤੇ ਭਾਰਤੀ ਮੂਲ ਦੀ ਬੈਰਿਸਟਰ ਸੁਏਲਾ ਬ੍ਰੇਵਰਮੈਨ ਨੂੰ ਮੰਗਲਵਾਰ ਨੂੰ ਬ੍ਰਿਟੇਨ ਦਾ ਨਵਾਂ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਹੈ। 42 ਸਾਲਾ ਬ੍ਰੇਵਰਮੈਨ ਭਾਰਤੀ ਮੂਲ ਦੀ ਆਪਣੀ ਸਹਿਯੋਗੀ ਪ੍ਰੀਤੀ ਪਟੇਲ ਦੀ ਥਾਂ ਲਵੇਗੀ। ਬ੍ਰੇਵਰਮੈਨ ਹੁਣ ਤੱਕ ਬੋਰਿਸ ਜਾਨਸਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਅਟਾਰਨੀ ਜਨਰਲ ਵਜੋਂ ਸੇਵਾ ਨਿਭਾ ਰਹੀ ਸੀ। ਉਨ੍ਹਾਂ ਨੂੰ ਨਵ-ਨਿਯੁਕਤ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਗ੍ਰਹਿ ਮੰਤਰੀ ਨਾਮਜ਼ਦ ਕੀਤਾ।

ਬ੍ਰੇਵਰਮੈਨ 2 ਬੱਚਿਆਂ ਦੀ ਮਾਂ ਹੈ। ਉਹ ਤਮਿਲ ਉਮਾ ਅਤੇ ਗੋਆ ਮੂਲ ਦੇ ਕ੍ਰਿਸਟੀ ਫਰਨਾਂਡਿਸ ਦੀ ਧੀ ਹੈ। ਉਨ੍ਹਾਂ ਦੀ ਮਾਂ ਮਾਰੀਸ਼ਸ ਤੋਂ ਬ੍ਰਿਟੇਨ ਆਈ ਸੀ, ਜਦੋਂ ਕਿ ਉਨ੍ਹਾਂ ਦੇ ਪਿਤਾ 1960 ਦੇ ਦਹਾਕੇ ਵਿੱਚ ਕੀਨੀਆ ਤੋਂ ਇੱਥੇ ਆਏ ਸਨ। ਬੀਬੀਸੀ ਦੀ ਖ਼ਬਰ ਅਨੁਸਾਰ ਬ੍ਰੇਵਰਮੈਨ ਨੂੰ ਕੁਝ ਸ਼ਰਨਾਰਥੀਆਂ ਨੂੰ ਰਵਾਂਡਾ ਭੇਜਣ ਦੀ ਸਰਕਾਰ ਦੀ ਯੋਜਨਾ ਵਰਗੇ ਉਨ੍ਹਾਂ ਪ੍ਰੋਜੈਕਟਾਂ ਦਾ ਕੰਮ ਸੌਂਪਿਆ ਜਾਵੇਗਾ, ਜਿਨ੍ਹਾਂ ਨੂੰ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ।

ਬ੍ਰੇਵਰਮੈਨ ਨੇ ਕਿਹਾ ਕਿ ਉਹ ‘ਬ੍ਰੈਕਜ਼ਿਟ’ ਦੇ ਮੌਕਿਆਂ ਦਾ ਫਾਇਦਾ ਉਠਾਉਣਾ, ਦੇਸ਼ ਵਿੱਚ ਬਕਾਇਆ ਮੁੱਦਿਆਂ ਨੂੰ ਹੱਲ ਕਰਨਾ ਅਤੇ ਟੈਕਸਾਂ ਵਿੱਚ ਕਟੌਤੀ ਕਰਨਾ ਚਾਹੁੰਦੀ ਹੈ। ਪ੍ਰਧਾਨ ਮੰਤਰੀ ਅਹੁਦੇ ਦੀਆਂ ਚੋਣਾਂ ਦੇ ਸ਼ੁਰੂਆਤੀ ਪੜਾਅ ਵਿਚ ਉਮੀਦਵਾਰ ਰਹੀ ਬ੍ਰੇਵਰਮੈਨ ਨੇ ਜੁਲਾਈ ਵਿਚ ਆਪਣੀ ਪ੍ਰਚਾਰ ਮੁਹਿੰਮ ਦੀ ਵੀਡੀਓ ਵਿੱਚ ਆਪਣੇ ਮਾਪਿਆਂ ਬਾਰੇ ਕਿਹਾ ਸੀ, ‘ਉਹ ਬ੍ਰਿਟੇਨ ਨੂੰ ਪਿਆਰ ਕਰਦੇ ਸਨ। ਇਸ ਨੇ ਉਨ੍ਹਾਂ ਨੂੰ ਉਮੀਦ ਦਿੱਤੀ। ਇਸ ਨਾਲ ਉਨ੍ਹਾਂ ਨੂੰ ਸੁਰੱਖਿਆ ਮਿਲੀ। ਇਸ ਦੇਸ਼ ਨੇ ਉਨ੍ਹਾਂ ਨੂੰ ਇੱਕ ਮੌਕਾ ਦਿੱਤਾ ਹੈ।’ ਉਹ ਚੋਣਾਂ ਦੇ ਦੂਜੇ ਪੜਾਅ ਵਿੱਚ ਬਾਹਰ ਹੋ ਗਈ ਸੀ ਅਤੇ ਉਨ੍ਹਾਂ ਨੇ ਇਸ ਤੋਂ ਬਾਅਦ ਭਾਰਤੀ ਮੂਲ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਦੀ ਬਜਾਏ ਟਰਸ ਨੂੰ ਸਮਰਥਨ ਦਿੱਤਾ ਸੀ।

Add a Comment

Your email address will not be published. Required fields are marked *