ਆਮ ਜਨਤਾ ਦੀ ਥਾਲੀ ’ਚੋਂ ਗਾਇਬ ਹੋਈ ਅਰਹਰ ਦੀ ਦਾਲ

ਨਵੀਂ ਦਿੱਲੀ – ਦਾਲਾਂ ਦੀਆਂ ਵਧਦੀਆਂ ਕੀਮਤਾਂ ’ਤੇ ਲਗਾਮ ਲਗਾਉਣ ਲਈ ਕੇਂਦਰ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਅਰਹਰ ਦੀ ਦਾਲ ਸਸਤੀ ਹੋਣ ਦੀ ਥਾਂ ਮਹਿੰਗੀ ਹੀ ਹੁੰਦੀ ਜਾ ਰਹੀ ਹੈ। ਪਿਛਲੇ ਦੋ ਮਹੀਨਿਆਂ ਦੇ ਅੰਦਰ ਅਰਹਰ ਦੀ ਦਾਲ ਦੀ ਕੀਮਤ 160 ਤੋਂ 170 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਅਜਿਹੇ ’ਚ ਇਹ ਦਾਲ ਆਮ ਜਨਤਾ ਦੀ ਥਾਲੀ ’ਚੋਂ ਗਾਇਬ ਹੋ ਗਈ ਹੈ।

ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਅਰਹਰ ਦਾਲ ਦੇ ਉਤਪਾਦਨ ’ਚ ਕਮੀ ਆਈ ਹੈ। ਪਿਛਲੇ ਸਾਲ ਦੇ ਮੁਕਾਬਲੇ ਅਰਹਰ ਦਾਲ ਦੇ ਘਰੇਲੂ ਉਤਪਾਦਨ ’ਚ 7.90 ਲੱਖ ਟਨ ਦੀ ਕਮੀ ਦਰਜ ਕੀਤੀ ਗਈ ਹੈ। 2022-23 ਦੇ ਤੀਜੇ ਪੇਸ਼ਗੀ ਅਨੁਮਾਨ ਮੁਤਾਬਕ ਦੇਸ਼ ’ਚ ਅਰਹਰ ਦਾ ਉਤਪਾਦਨ ਘਟ ਕੇ 34.30 ਲੱਖ ਟਨ ’ਤੇ ਪਹੁੰਚ ਗਿਆ ਹੈ, ਜਦ ਕਿ ਇਸ ਦਾ ਟੀਚਾ 45.50 ਲੱਖ ਟਨ ਰੱਖਿਆ ਗਿਆ ਸੀ। ਸਾਲ 2021-22 ਵਿਚ ਅਰਹਰ ਦਾ ਉਤਪਾਦਨ 42.20 ਲੱਖ ਟਨ ਰਿਕਾਰਡ ਕੀਤਾ ਗਿਆ ਸੀ। ਅਜਿਹੇ ’ਚ ਸਰਕਾਰ ਨੇ ਫ਼ਸਲ ਸੀਜ਼ਨ 2022-23 ਲਈ ਅਰਹਰ ਦਾਲ ਦੇ ਉਤਪਾਦਨ ’ਚ ਵਾਧੇ ਦਗਾ ਅਨੁਮਾਨ ਲਗਾਇਆ ਸੀ ਪਰ ਅਜਿਹਾ ਨਹੀਂ ਹੋਇਆ।

ਹਾਲਾਂਕਿ ਕੇਂਦਰ ਸਰਕਾਰ ਨੇ ਦਾਲਾਂ ਦੀਆਂ ਵਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕਈ ਵੱਡੇ ਕਦਮ ਉਠਾਏ ਹਨ। ਕੇਂਦਰ ਸਰਕਾਰ ਨੇ ਦਾਲਾਂ ਦੀ ਸਟਾਕ ਲਿਮਟ ਤੈਅ ਕਰ ਦਿੱਤੀ ਹੈ। ਨਾਲ ਹੀ ਕੇਂਦਰ ਸਰਕਾਰ ਨੇ 10 ਲੱਖ ਟਨ ਅਰਹਰ ਦਾਲ ਇੰਪੋਰਟ ਕਰਨ ਦਾ ਫ਼ੈਸਲਾ ਲਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਇੰਪੋਰਟ ਡਿਊਟੀ ਵੀ ਹਟਾ ਦਿੱਤੀ ਹੈ। ਉੱਥੇ ਹੀ ਦਾਲਾਂ ਦੇ ਸਟਾਕ ਦੀ ਨਿਗਰਾਨੀ ਕਰਨ ਲਈ ਇਕ ਕਮੇਟੀ ਬਣਾਈ ਗਈ ਹੈ। 

ਦੱਸ ਦਈਏ ਕਿ ਦਾਲਾਂ ਦੇ ਮਾਮਲੇ ’ਚ ਭਾਰਤ ਆਤਮ-ਨਿਰਭਰ ਨਹੀਂ ਹੈ। ਆਪਣੀ ਮੰਗ ਨੂੰ ਪੂਰਾ ਕਰਨ ਲਈ ਭਾਰਤ ਹਰ ਸਾਲ ਹਜ਼ਾਰਾਂ ਕਰੋੜ ਰੁਪਏ ਦੀਆਂ ਦਾਲਾਂ ਦੂਜੇ ਦੇਸ਼ਾਂ ਤੋਂ ਇੰਪੋਰਟ ਕਰਦਾ ਹੈ। ਸਾਲ 2020-21 ਵਿਚ ਭਾਰਤ ਨੇ 24.66 ਲੱਖ ਟਨ ਦਾਲਾਂ ਵਿਦੇਸ਼ਾਂ ਤੋਂ ਇੰਪੋਰਟ ਕੀਤੀਆਂ ਸਨ। ਉੱਥੇ ਹੀ ਸਾਲ 2021-22 ਵਿਚ ਇੰਪੋਰਟ ਦੇ ਅੰਕੜਿਆਂ ਵਿਚ 9.44 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਭਾਰਤ ਨੇ ਸਾਲ 2021-22 ’ਚ 26.99 ਲੱਖ ਟਨ ਦਾਲਾਂ ਦੂਜੇ ਦੇਸ਼ਾਂ ਤੋਂ ਖਰੀਦੀਆਂ। ਇਸ ਦੇ ਨਾਲ ਹੀ ਭਾਰਤ ਦੁਨੀਆ ਦਾ ਸਭ ਤੋਂ ਵੱਡਾਦਾਲ ਇੰਪੋਰਟਰ ਬਣ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਭਾਰਤ ਅਫਰੀਕੀ ਦੇਸ਼, ਮਿਆਂਮਾਰ ਅਤੇ ਕੈਨੇਡਾ ਤੋਂ ਸਭ ਤੋਂ ਵੱਧ ਦਾਲ ਖਰੀਦਦਾ ਹੈ।

Add a Comment

Your email address will not be published. Required fields are marked *